ਸਿਹੋਰ (ਮੱਧ ਪ੍ਰਦੇਸ਼) : ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੈ ਸਿੰਘ ਨੇ ਸ਼ਨਿਚਰਵਾਰ ਨੂੰ ਮੋਦੀ ਸਰਕਾਰ ਨੂੰ ਕੈੜੇ ਹੱਥੀਂ ਲੈਂਦਿਆਂ ਕਿਹਾ ਕਿ ਕੇਂਦਰੀ ਸਰਕਾਰ ਜੰਮੂ-ਕਸ਼ਮੀਰ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਝੂਠ ਬੋਲ ਰਹੀ ਹੈ ਜਦਕਿ ਕੇਂਦਰ ਸਰਕਾਰ ਕੁੱਝ ਵੱਡਾ ਕਰਨ ਦੀ ਝਾਕ ਵਿੱਚ ਹੈ।
ਦਿਗਵਿਜੈ ਨੇ ਕਿਹਾ ਕਿ "ਕੇਂਦਰ ਕਸ਼ਮੀਰ ਚਾਹੁੰਦਾ ਹੈ ਨਾ ਕਿ ਕਸ਼ਮੀਰੀਆਂ ਨੂੰ।" ਇਸ ਤਰ੍ਹਾਂ ਕਿਉਂ ਹੋ ਰਿਹਾ ਹੈ ? ਕਾਂਗਰਸ ਸਰਕਾਰ ਦੌਰਾਨ ਇਸ ਤਰ੍ਹਾਂ ਬਿਲਕੁਲ ਨਹੀਂ ਹੋਇਆ। ਕੇਂਦਰ ਸਰਕਾਰ ਨੇ ਨੌਜਵਾਨਾਂ ਦੇ ਦਿਮਾਗਾਂ ਵਿੱਚ ਫ਼ਿਰਕਾਪ੍ਰਸਤੀ ਦਾ ਜ਼ਹਿਰ ਘੋਲ ਦਿੱਤਾ। ਮੈਨੂੰ ਤਾਂ ਇਸ ਸਰਕਾਰ ਉੱਤੇ ਕਿਸੇ ਵੀ ਤਰ੍ਹਾਂ ਦਾ ਭਰੋਸਾ ਨਹੀਂ ਹੈ।
ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜੰਮੂ-ਕਸ਼ਮੀਰ ਵਿੱਚ ਹਰ ਰੋਜ਼ ਅੱਤਵਾਦੀ ਘਟਨਾਵਾਂ ਦੀਆਂ ਖ਼ਬਰਾਂ ਆਉਂਦੀਆਂ ਹਨ। ਕੀ ਕੁੱਝ ਵੱਡਾ ਹਾਦਸਾ ਵਾਪਰਿਆ ਹੈ ਜਿਸ ਨੂੰ ਲੈ ਕੇ ਇੰਨ੍ਹਾਂ ਨੇ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਹੈ।
ਕੇਂਦਰ ਸਰਕਾਰ ਨੇ ਜਿਹੜੇ 20,000 ਫ਼ੌਜੀ ਹੋਰ ਜੰਮੂ-ਕਸ਼ਮੀਰ ਵਿਖੇ ਤਾਇਨਾਤ ਕੀਤੇ ਹਨ, ਇਹ ਕਿਸੇ ਵੱਡੀ ਕਾਰਵਾਈ ਵੱਲ ਇਸ਼ਾਰਾ ਕਰਦਾ ਹੈ। ਬੀਜੇਪੀ ਨੂੰ ਕਸ਼ਮੀਰ ਘਾਟੀ ਸਬੰਧੀ ਕੁੱਝ ਵੀ ਕਰਨ ਤੋਂ ਪਹਿਲਾਂ ਸੋਚ ਲੈਣਾ ਚਾਹੀਦਾ ਹੈ ਕਿਉਂਕਿ ਇਹ ਇੱਕ ਬਹੁਤ ਹੀ ਸੰਵੇਦਨਸ਼ੀਲ ਮਾਮਲਾ ਹੈ।
ਇਹ ਵੀ ਪੜ੍ਹੋ : ਪਾਕਿ ਵੱਲੋਂ ਘੁਸਪੈਠ ਦੀ ਕੋਸ਼ਿਸ਼ ਨੂੰ ਭਾਰਤ ਨੇ ਕੀਤਾ ਨਾਕਾਮ, 5-7 ਅੱਤਵਾਦੀ ਢੇਰ
ਉਨ੍ਹਾਂ ਕਿਹਾ ਕਿ ਬੀਜੇਪੀ ਕੁੱਝ ਵੱਡਾ ਕਰਨ ਦੀ ਫ਼ਿਰਾਕ ਵਿੱਚ ਹੈ। ਘਾਟੀ ਵਿੱਚ ਕਿਸੇ ਵੱਡੇ ਅੱਤਵਾਦੀ ਖ਼ਦਸੇ ਨੂੰ ਲੈ ਕੇ ਬੀਜੇਪੀ ਸਰਕਾਰ ਝੂਠ ਬੋਲ ਰਹੀ ਹੈ।
ਤੁਹਾਨੂੰ ਦੱਸ ਦਈਏ ਕਿ ਜੰਮੂ-ਕਸ਼ਮੀਰ ਸਰਕਾਰ ਨੇ ਸ਼ੁੱਕਰਵਾਰ ਨੂੰ ਅਮਰਨਾਥ ਯਾਤਰੀਆਂ ਨੂੰ ਸਾਵਧਾਨ ਰਹਿਣ ਲਈ ਕਿਹਾ ਹੈ ਅਤੇ ਸੈਲਾਨੀਆਂ ਨੂੰ ਇਲਾਕੇ ਵਿੱਚ ਆਪਣੀ ਰਿਹਾਇਸ਼ ਘਟਾਉਣ ਅਤੇ ਤੁਰੰਤ ਵਾਪਸ ਜਾਣ ਨੂੰ ਕਿਹਾ ਹੈ।