ਨਵੀਂ ਦਿੱਲੀ: ਹੁਸ਼ਿਆਰਪੁਰ 'ਚ 6 ਸਾਲਾ ਬੱਚੀ ਨਾਲ ਬਲਾਤਕਾਰ ਅਤੇ ਕਤਲ ਦੀ ਘਟਨਾ ਨੂੰ ਲੈ ਕੇ ਭਾਜਪਾ ਨੇ ਕਾਂਗਰਸ ਸਰਕਾਰ ਨੂੰ ਘੇਰੇ 'ਚ ਲਿਆ ਹੈ। ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਇਸ ਨੂੰ ਘਟਨਾ ਨੂੰ ਹੈਰਾਨੀਜਨਕ ਘਟਨਾ ਕਰਾਰ ਦਿੱਤਾ ਹੈ।
ਪ੍ਰਕਾਸ਼ ਜਾਵੜੇਕਰ ਨੇ ਇਸ ਮਾਮਲੇ 'ਤੇ ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਰਾਹੁਲ ਗਾਂਧੀ ਨੂੰ ਪੰਜਾਬ 'ਚ ਰੈਲੀ ਕਰਨ ਦੇ ਨਾਲ ਨਾਲ ਪੀੜਤ ਪਰਿਵਾਰ ਨੂੰ ਵੀ ਮਿਲਣਾ ਚਾਹੀਦਾ ਸੀ। ਦੱਸਣਯੋਗ ਹੈ ਕਿ ਇਹ ਘਟਨਾ ਹੁਸ਼ਿਆਰਪੁਰ ਦੇ ਟਾਂਡਾ ਦੀ ਹੈ, ਜਿੱਥੇ ਇੱਕ ਬਿਹਾਰ ਤੋਂ ਆਏ ਪਰਿਵਾਰ ਦੀ ਛੇ ਸਾਲਾ ਬੱਚੀ ਨਾਲ ਬਲਾਤਕਾਰ ਕਰ ਉਸਨੂੰ ਸਾੜ ਦਿੱਤਾ ਗਿਆ ਸੀ।
ਜਾਵੜੇਕਰ ਕਿਹਾ ਕਿ ਕਾਂਗਰਸ ਸ਼ਾਸ਼ਤ ਸੂਬਿਆਂ ਰਾਜਸਥਾਨ ਅਤੇ ਪੰਜਾਬ 'ਚ ਅਜਿਹੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ ਪਰ ਮਹਿਲਾਵਾਂ ਵਿਰੁੱਧ ਅਜਿਹੀਆਂ ਘਟਨਾਵਾਂ 'ਤੇ ਠੱਲ੍ਹ ਪਾਉਣ ਲਈ ਕਾਂਗਰਸ ਕੋਈ ਕਦਮ ਨਹੀਂ ਚੁੱਕ ਰਹੀ।
ਉੱਥੇ ਹੀ ਦੂਜੇ ਪਾਸੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀ ਇਸ ਮੁੱਦੇ ਦੀ ਨਿਖੇਦੀ ਕਰਦਿਆਂ ਕਾਂਗਰਸ ਨੂੰ ਜੰਮ ਕੇ ਰਗੜੇ ਲਾਏ ਅਤੇ ਅਜਿਹੇ ਮੁੱਦਿਆਂ 'ਤੇ ਸਿਆਸਤ ਨਾ ਕਰਨ ਦੀ ਗੱਲ ਆਖੀ।