ਪਟਨਾ: ਬਿਹਾਰ ਸਰਕਾਰ ਦੀ ਨਿਖੇਧੀ ਕਰਦਿਆਂ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਤੇਜਸਵੀ ਯਾਦਵ ਨੇ ਵੀਰਵਾਰ ਨੂੰ ਸਰਕਾਰ ‘ਤੇ ਸੂਬੇ ਵਿੱਚ ਕੋਵਿਡ-19 ਦੇ ਅੰਕੜਿਆਂ 'ਤੇ ਝੂਠ ਬੋਲਣ ਅਤੇ ਹੇਰਾਫੇਰੀ ਕਰਨ ਦਾ ਦੋਸ਼ ਲਗਾਇਆ ਹੈ।
ਪਾਰਟੀ ਦਫ਼ਤਰ ਵਿਖੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, “3000 ਤੋਂ 3500 ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਸਨ, ਜਦੋਂ ਰੋਜ਼ਾਨਾ 10000 ਟੈਸਟ ਕੀਤੇ ਜਾਂਦੇ ਸਨ।"
"ਹੁਣ ਜਦੋਂ ਸੂਬਾ ਕੋਵਿਡ-19 ਲਈ 75000 ਨਮੂਨਿਆਂ ਦੀ ਜਾਂਚ ਕਰ ਰਿਹਾ ਹੈ ਤਾਂ ਵੀ ਇਹ ਸੰਖਿਆ 4000 ਤੱਕ ਸੀਮਤ ਹੈ। ਇਸ ਦਾ ਮਤਲਬ ਹੈ ਕਿ ਸਰਕਾਰ ਝੂਠ ਬੋਲ ਰਹੀ ਹੈ ਅਤੇ ਹੇਰਾਫੇਰੀ ਕਰ ਰਹੀ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਆਪਣੇ ਚਿਹਰੇ ਨੂੰ ਬਚਾਉਣ ਲਈ ਰੈਪਿਡ ਐਂਟੀਜਨ ਟੈਸਟਿੰਗ ਦੀ ਵੱਧ ਗਿਣਤੀ 'ਤੇ ਧਿਆਨ ਕੇਂਦ੍ਰਤ ਕਰ ਰਹੇ ਹਨ।"
ਉਨ੍ਹਾਂ ਅੱਗੇ ਕਿਹਾ, “ਬਿਹਾਰ ਸਰਕਾਰ ਦੇ ਅੰਕੜਿਆਂ ਦੇ ਅਨੁਸਾਰ, ਔਸਤਨ 6100 ਆਰਟੀ-ਪੀਸੀਆਰ ਟੈਸਟ ਕਰਵਾਏ ਜਾ ਰਹੇ ਹਨ ਜਿਸਦਾ ਅਰਥ ਹੈ ਕਿ ਕੁੱਲ ਕੋਵਿਡ-19 ਦੇ ਟੈਸਟਾਂ 'ਚੋਂ ਸਿਰਫ 10 ਪ੍ਰਤੀਸ਼ਤ ਟੈਸਟ ਆਰਟੀ-ਪੀਸੀਆਰ ਵਿਧੀ ਰਾਹੀਂ ਕਰਵਾਏ ਜਾ ਰਹੇ ਹਨ। ਅਸੀਂ ਆਰਟੀ-ਪੀਸੀਐਆਰ ਟੈਸਟਿੰਗ ਵਿੱਚ ਵਾਧੇ ਦੀ ਮੰਗ ਕਰਦੇ ਹਾਂ।"
ਯਾਦਵ ਨੇ ਕੇਂਦਰ ਸਰਕਾਰ 'ਤੇ ਬਿਹਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕਰਨ ਦਾ ਵੀ ਦੋਸ਼ ਲਾਇਆ।
ਯਾਦਵ ਨੇ ਕਿਹਾ, "ਕੇਂਦਰ ਨੇ ਕੋਵਿਡ-19 ਪੈਕੇਜ ਅਧੀਨ ਵੱਖ-ਵੱਖ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ 890 ਕਰੋੜ ਰੁਪਏ ਦਿੱਤੇ ਹਨ। ਕੇਂਦਰ ਨੇ ਬਿਹਾਰ ਨੂੰ ਕੋਈ ਪੈਸਾ ਨਹੀਂ ਦਿੱਤਾ ਹੈ। ਰਾਜ ਵਿੱਚ ਕੋਵਿਡ-19 ਦੀ ਗੰਭੀਰਤਾ ਨੂੰ ਜਾਣਦਿਆਂ ਵੀ ਕੇਂਦਰ ਨੇ ਬਿਹਾਰ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ।"
ਬਿਹਾਰ ਦੇ ਸਿਹਤ ਵਿਭਾਗ ਦੇ ਅਨੁਸਾਰ, ਸੂਬੇ ਵਿੱਚ ਕੁੱਲ 90553 ਕੋਵਿਡ-19 ਕੇਸ ਹਨ ਜਿਨ੍ਹਾਂ ਵਿੱਚ 60068 ਸਿਹਤਯਾਬ ਹੋ ਚੁੱਕੇ ਹਨ, 30010 ਐਕਟਿਵ ਕੇਸ ਹਨ ਅਤੇ 475 ਮੌਤਾਂ ਹੋਈਆਂ ਹਨ।