ਨਵੀਂ ਦਿੱਲੀ: ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਨੇ ਭੀਮ ਆਰਮੀ ਦੇ ਮੁਖੀ ਚੰਦਰ ਸ਼ੇਖਰ ਆਜ਼ਾਦ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਇਸ ਤੋਂ ਬਾਅਦ ਅਦਾਲਤ ਨੇ ਚੰਦਰਸ਼ੇਖਰ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਦਿੱਲੀ ਪੁਲਿਸ ਨੇ ਸੀਏਏ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਸ਼ੁੱਕਰਵਾਰ ਸ਼ਾਮ ਨੂੰ ਕੇਂਦਰੀ ਦਿੱਲੀ ਦੇ ਦਰੀਆਗੰਜ ਖੇਤਰ ਵਿੱਚ ਹੋਈ ਹਿੰਸਾ ਤੇ ਅੱਗ ਲਗਾਉਣ ਦੇ ਇੱਕ ਮਾਮਲੇ ਵਿੱਚ ਫ਼ਰਾਰ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਨੂੰ ਗ੍ਰਿਫਤਾਰ ਕੀਤਾ ਸੀ।
ਦੂਜੇ ਪਾਸੇ ਦਰੀਆਗੰਜ ਵਿੱਚ ਸ਼ੁੱਕਰਵਾਰ ਸ਼ਾਮ ਨੂੰ ਹੋਈ ਹਿੰਸਾ ਦੇ ਮਾਮਲੇ ਵਿੱਚ ਪੁਲਿਸ ਨੇ 15 ਲੋਕਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਮੁਲਜ਼ਮ ਨੂੰ ਅੱਜ ਤੀਸ ਹਜ਼ਾਰੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਇਨ੍ਹਾਂ 15 ਮੁਲਜ਼ਮਾਂ ਨੂੰ 2 ਦਿਨਾਂ ਦੀ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। ਮੁਲਜ਼ਮਾਂ 'ਤੇ ਪੁਲਿਸ ਕਰਮਚਾਰੀਆਂ ਨੂੰ ਆਪਣੀ ਡਿਉਟੀ ਨਿਭਾਉਣ ਤੋਂ ਰੋਕਣ ਲਈ ਤਾਕਤ ਦੀ ਵਰਤੋਂ ਕਰਨ ਦਾ ਦੋਸ਼ ਲਗਾਏ ਗਏ ਹਨ।
ਭੀਮ ਆਰਮੀ ਦੇ ਸਮਰਥਕਾਂ ਵੱਲੋਂ ਪ੍ਰਦਰਸ਼ਨ
ਜਿਵੇਂ ਹੀ ਅਦਾਲਤ ਨੇ ਮੁਲਜ਼ਮਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ, ਅਦਾਲਤ ਦੇ ਬਾਹਰ ਮੌਜੂਦ ਭੀਮ ਆਰਮੀ ਸਮਰਥਕ ਨਾਅਰੇਬਾਜ਼ੀ ਕਰਨ ਲੱਗੇ। ਹਾਲਾਂਕਿ, ਇਸ ਵਿਚ ਕੋਈ ਹਿੰਸਕ ਗਤੀਵਿਧੀ ਨਹੀਂ ਸੀ।
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਕੁਝ ਸਮੇਂ ਲਈ ਚੰਦਰ ਸ਼ੇਖਰ ਆਪਣੇ ਸਮਰਥਕਾਂ ਦੀ ਭੀੜ ਵਿੱਚ ਜਾਮਾ ਮਸਜਿਦ ਦੇ ਨੇੜੇ ਦਿਖਾਈ ਦਿੱਤਾ ਸੀ। ਸਧਾਰਣ ਕੱਪੜਿਆਂ ਵਿੱਚ ਚੰਦਰਸ਼ੇਖਰ ਦੀ ਭਾਲ ਕਰ ਰਹੀਆਂ ਦਿੱਲੀ ਪੁਲਿਸ ਸਪੈਸ਼ਲ ਸੈੱਲ ਦੀਆਂ ਟੀਮਾਂ ਦੇ ਫੜ੍ਹਨ ਤੋਂ ਪਹਿਲਾ ਹੀ ਉਹ ਫ਼ਰਾਰ ਹੋ ਗਿਆ ਸੀ।
ਕੇਸ ਵਿੱਚ ਹੋਰ ਗ੍ਰਿਫ਼ਤਾਰੀਆਂ ਹੋਣ ਦਾ ਡਰ
ਪੁਲਿਸ ਨੇ ਸ਼ਨੀਵਾਰ ਨੂੰ ਕਿਹਾ ਕਿ ਸ਼ੁਰੂ ਵਿੱਚ 10 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਪਰ ਬਾਅਦ ਵਿੱਚ ਪੰਜ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪ੍ਰਦਰਸ਼ਨਾਂ ਅਤੇ ਹਿੰਸਾ ਦੇ ਸਬੰਧ ਵਿੱਚ 40 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਸੀ। ਇਨ੍ਹਾਂ ਵਿੱਚੋਂ ਅੱਠ ਨਾਬਾਲਿਗਾਂ ਨੂੰ ਸ਼ਨੀਵਾਰ ਤੜਕੇ ਰਿਹਾ ਕੀਤਾ ਗਿਆ ਸੀ।