ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੇਸ਼ ਭਰ ਵਿੱਚ ਤਾਲਾਬੰਦੀ ਕੀਤੀ ਗਈ ਹੈ, ਇਸ ਦੌਰਾਨ ਕਈ ਲੋਕ ਬੇਘਰ ਹੋ ਗਏ ਅਤੇ ਕਈ ਪਰਵਾਸੀ ਮਜ਼ਦੂਰਾਂ ਨੂੰ ਭੁੱਖੇ ਤੇ ਪਿਆਸੇ ਪੈਦਲ ਹੀ ਆਪਣੇ ਘਰ ਜਾਣਾ ਪਿਆ।
ਇਨ੍ਹਾਂ ਹਾਲਾਤਾਂ ਵਿੱਚ ਬਹੁਤ ਸਾਰੇ ਲੋਕ ਮਦਦ ਲਈ ਅੱਗੇ ਆਏ ਜਿਨ੍ਹਾਂ ਵਿੱਚੋਂ ਇੱਕ ਹਨ 81 ਸਾਲਾ ਬਾਬਾ ਕਰਨੈਲ ਸਿੰਘ ਖਹਿਰਾ ਜਿਨ੍ਹਾਂ ਨੂੰ ਖਹਿਰਾ ਬਾਬਾ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ।
ਬਾਬਾ ਖਹਿਰਾ ਸੜਕ ਕਿਨਾਰੇ ਟੀਨਸ਼ੈਡ ਲਗਾ ਕੇ ਲੋਕਾਂ ਨੂੰ ਲੰਗਰ ਖਵਾਉਣ ਵਿੱਚ ਜੁਟੇ ਹੋਏ ਹਨ। ਹੁਣ ਤੱਕ ਉਹ 20 ਲੱਖ ਲੋਕਾਂ ਨੂੰ ਲੰਗਰ ਖਵਾ ਚੁੱਕੇ ਹਨ। ਖਹਿਰਾ ਬਾਬਾ ਦਾ ਕਹਿਣਾ ਹੈ ਕਿ ਇਹ ਸੁੰਨਸਾਨ ਇਲਾਕਾ ਹੈ, 150 ਕਿਲੋਮੀਟਰ ਤੱਕ ਪਿੱਛੇ ਅਤੇ 300 ਕਿਲੋਮੀਟਰ ਤੱਕ ਅੱਗੇ ਨਾ ਤਾਂ ਕੋਈ ਢਾਬਾ ਹੈ ਤੇ ਨਾ ਹੀ ਕੋਈ ਰੈਸਟੋਰੈਂਟ ਹੈ।
ਅਜਿਹੀ ਸਥਿਤੀ ਵਿੱਚ ਗੁਰੂ ਕਾ ਲੰਗਰ ਛਕਣ ਲਈ ਲੋਕ ਉੱਥੇ ਰੁਕਦੇ ਹਨ। ਇਸ ਦੇ ਨਾਲ ਹੀ ਉਹ ਬਿਨਾਂ ਕਿਸੇ ਭੇਦਭਾਵ ਦੇ ਹਰ ਸਮੇਂ ਖਾਣ-ਪੀਣ ਦੀਆਂ ਚੀਜ਼ਾਂ ਮੁਹੱਈਆ ਕਰਵਾਉਂਦੇ ਹਨ।
ਲੰਗਰ ਖਵਾਉਣ ਵਾਲੀ ਟੀਮ ਵਿੱਚ 17 ਸੇਵਾਦਾਰ ਹਨ ਜਿਨ੍ਹਾਂ ਵਿੱਚੋਂ 11 ਰਸੋਈਏ ਹਨ ਅਤੇ ਬਾਕੀ ਹੋਰ ਕੰਮਾਂ ਵਿੱਚ ਹੱਥ ਵਟਾਉਂਦੇ ਹਨ। ਇਸ ਦੌਰਾਨ ਸਮਾਜਿਕ ਦੂਰੀ ਦਾ ਵੀ ਖਿਆਲ ਰੱਖਿਆ ਜਾਂਦਾ ਹੈ, ਸਾਫ-ਸਫਾਈ ਦੇ ਲਈ ਲੋਕਾਂ ਨੂੰ ਸਾਬਣ ਵੀ ਦਿੱਤਾ ਜਾਂਦਾ ਹੈ ਤਾਂ ਜੋ ਉਹ ਹੱਥ ਧੋ ਕੇ ਲੰਗਰ ਛਕ ਸਕਣ।