ਗੁਵਾਹਾਟੀ: ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ (ASDMA) ਨੇ ਦੱਸਿਆ ਕਿ ਹੜ੍ਹ ਦੇ ਕਰਕੇ ਕੁਲ 2,254 ਪਿੰਡ ਤੇ 24 ਲੱਖ ਤੋਂ ਜ਼ਿਆਦਾ ਲੋਕ ਪ੍ਰਭਾਵਿਤ ਹੋਏ ਹਨ। ਮੁੱਖ ਮੰਤਰੀ ਸ੍ਰਬਾਨੰਦ ਸੋਨੋਵਾਲ ਨੇ ਸੋਮਵਾਰ ਦੇਰ ਰਾਤ ਮੀਂਹ ਨਾਲ ਨੁਕਸਾਨੇ ਗਏ ਕੰਢੇ ਦਾ ਜਾਇਜ਼ਾ ਲਿਆ ਤੇ ਹੜ੍ਹ ਤੋਂ ਪ੍ਰਭਾਵਿਤ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।
ਸੋਨੋਵਾਲ ਨੇ ਸੂਬੇ ਵਿੱਚ ਮਦਦ ਪਹੰਚਾਉਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਹੜ੍ਹ ਕਰਕੇ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਦੇ ਲਈ 48 ਘੰਟਿਆਂ ਦੇ ਅੰਦਰ ਮੁਆਵਜ਼ਾ ਦੇ ਰਹੀ ਹੈ।
ਯੂਐਨ ਦੇ ਜੁਆਇੰਟ ਸਕੱਤਰ ਸਟੀਫਨ ਦੁਜਾਰਕ ਨੇ ਕਿਹਾ ਕਿ ਮੌਨਸੂਨ ਦੇ ਮੀਂਹ ਨਾਲ ਭਾਰੀ ਹੜ੍ਹ ਦੇ ਕਰਕੇ ਅਸਾਮ ਤੇ ਨੇਪਾਲ ਨੇ 40 ਲੱਖ ਲੋਕ ਪ੍ਰਭਾਵਿਤ ਹੋਏ ਹਨ ਤੇ 189 ਲੋਕਾਂ ਦੀ ਮੌਤ ਹੋ ਗਈ ਹੈ। ਸੰਯੁਕਤ ਰਾਸ਼ਟਰ ਲੋੜ ਪੈਣ 'ਤੇ ਭਾਰਤ ਸਰਕਾਰ ਦੀ ਮਦਦ ਕਰਨ ਦੇ ਲਈ ਤਿਆਰ ਹੈ।
ਸੋਮਵਾਰ ਨੂੰ ਬ੍ਰਹਮਪੁੱਤਰ ਦਾ ਪਾਣੀ ਦਾ ਪੱਧਰ ਵਧਣ ਕਰਕੇ ਡਿਬਰੂਗੜ੍ਹ ਦੇ ਕਈ ਇਲਾਕਿਆਂ ਵਿੱਚ ਹੜ੍ਹ ਆਇਆ ਸੀ। ਸਰਕਾਰ ਨੇ ਸੂਬੇ ਵਿੱਚ ਹੜ੍ਹ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਜ਼ਿਲ੍ਹਿਆਂ ਵਿੱਚ 276 ਰਾਹਤ ਕੈਂਪ ਅਤੇ 192 ਰਾਹਤ ਵੰਡ ਕੇਂਦਰ ਸਥਾਪਤ ਕੀਤੇ ਗਏ ਹਨ।
ਹੜ੍ਹ ਦੇ ਕਰਕੇ ਕਾਜ਼ੀਰੰਗਾ ਨੈਸ਼ਨਲ ਪਾਰਕ ਵਿੱਚ 113 ਜਾਨਵਰਾਂ ਦੀ ਮੌਤ ਹੋ ਗਈ ਹੈ। ਹੁਣ ਤੱਕ 140 ਪਸ਼ੂਆਂ ਨੂੰ ਬਚਾਇਆ ਗਿਆ ਹੈ। ਐਨਡੀਆਰਐਫ ਦੀ ਇੱਕ ਟੀਮ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ 56 ਲੋਕਾਂ ਨੂੰ ਬਚਾਇਆ। ਟੀਮ ਕੋਵਿਡ-19 ਮਹਾਂਮਾਰੀ ਦੇ ਕਾਰਨ ਮਾਸਕ, ਸਕ੍ਰੀਨਿੰਗ ਅਤੇ ਹੋਰ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਮਦਦ ਕਰ ਰਹੀ ਹੈ।
ਐਨਡੀਆਰਐਫ ਗੁਵਾਹਾਟੀ ਦੀ ਪਹਿਲੀ ਬਟਾਲੀਅਨ ਨੇ ਹੁਣ ਇਸ ਦੌਰਾਨ 1450 ਤੋਂ ਵੱਧ ਸਥਾਨਕ ਲੋਕਾਂ ਦਾ ਰੈਸਕਿਊ ਕੀਤਾ। ਹੜ੍ਹ ਦੇ ਕਰਕੇ ਇੱਕ ਲੱਖ ਹੈਕਟੇਅਰ ਖੇਤਰ ਵਿੱਚ ਫਸਲ ਦਾ ਨੁਕਸਾਨ ਹੋਇਆ ਹੈ। ਐਨਡੀਆਰਐਫ ਦੀ ਲਗਭਗ 12 ਖੋਜ ਤੇ ਬਚਾਅ ਦਲ ਅਸਾਮ ਦੇ ਜ਼ਿਲ੍ਹਿਆਂ ਵਿੱਚ ਤਾਇਨਾਤ ਹੈ।