ਨਵੀਂ ਦਿੱਲੀ: ਮਹਾਰਾਸ਼ਟਰ ਵਿੱਚ ਸਰਕਾਰ ਬਣਾਉਣ ਲਈ ਸ਼ਿਵ ਸੈਨਾ ਅਤੇ ਭਾਜਪਾ ਦਰਮਿਆਨ ਚੱਲ ਰਹੇ ਵਿਵਾਦ ਨੂੰ ਲੈ ਕੇ ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮੀਨ ਦੇ ਮੁਖੀ ਅਸਦੁਦੀਨ ਓਵੈਸੀ ਨੇ ਨਿਸ਼ਾਨਾ ਸਾਧਿਆ ਹੈ।
ਅਸਦੁਦੀਨ ਓਵੈਸੀ ਨੇ ਸਵਾਲ ਕਰਦੇ ਹੋਏ ਕਿਹਾ ਕਿ ਇਹ 50-50 ਕੀ ਹੈ? ਕੀ ਇਹ ਬਿਸਕੁਟ ਹੈ? ਕੁਝ ਮਹਾਰਾਸ਼ਟਰ ਦੇ ਲੋਕਾਂ ਲਈ ਵੀ ਬਚਾ ਕੇ ਰੱਖਿਆ ਜਾਵੇ। ਇਸ ਦੇ ਨਾਲ ਹੀ ਓਵੈਸੀ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਜਨਤਾ ਦੀ ਕੋਈ ਪਰਵਾਹ ਨਹੀਂ ਹੈ। ਇਹ ਕਿਸ ਤਰ੍ਹਾਂ ਦਾ 'ਸਬਕਾ ਸਾਥ ਸਬਕਾ ਵਿਕਾਸ ਹੈ?
ਇਸ ਦੇ ਨਾਲ ਹੀ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਨੇ ਸ਼ਨੀਵਾਰ ਨੂੰ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਨ੍ਹਾਂ ਦੀ ਪਾਰਟੀ ਦੀ ਮੰਗ ਜਾਇਜ਼ ਹੈ। ਉੱਥੇ ਹੀ ਮਹਾਰਾਸ਼ਟਰ ਦੇ ਔਰੰਗਾਬਾਦ ਦੇ ਦੌਰੇ 'ਤੇ ਪਹੁੰਚੇ ਸ਼ਿਵ ਸੈਨਾ ਦੇ ਮੁਖੀ ਊਧਵ ਠਾਕਰੇ ਕੋਲੋਂ ਅੱਜ ਜਦੋਂ ਮੀਡੀਆ ਨੇ ਪੁੱਛਿਆ ਕਿ ਸਰਕਾਰ ਦੇ ਗਠਨ ਨੂੰ ਲੈ ਕੇ ਸ਼ਿਵ ਸੈਨਾ ਕੀ ਸੋਚ ਰਹੀ ਹੈ। ਇਸ 'ਤੇ ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਬਾਰੇ ਤੁਹਾਨੂੰ ਸੂਚਨਾ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ ਮਹਾਰਾਸ਼ਟਰ ਵਿੱਚ ਹੋਇਆ ਵਿਧਾਨਸਭਾ ਚੋਣਾਂ ਦੇ ਨਤੀਜੇ ਨੂੰ ਕਾਫ਼ੀ ਦਿਨ ਬੀਤ ਗਏ ਹਨ ਪਰ ਹੁਣ ਤੱਕ ਮਹਾਰਾਸ਼ਟਰ ਵਿੱਚ ਸਰਕਾਰ ਨਹੀਂ ਬਣੀ ਹੈ। ਚੋਣਾਂ ਵਿੱਚ ਭਾਜਪਾ ਅਤੇ ਸ਼ਿਵ ਸੇਨਾ ਨੇ ਮਿਲ ਕੇ ਚੋਣ ਲੜੀ ਸੀ। ਸੂਬੇ ਦੀਆਂ 288 ਵਿਧਾਨਸਭਾ ਸੀਟਾਂ ਵਿੱਚ ਸ਼ਿਵ ਸੈਨਾ ਨੇ 56 ਸੀਟਾਂ ਅਤੇ ਭਾਜਪਾ ਨੇ 105 ਸੀਟਾਂ ਜਿੱਤੀਆਂ ਸਨ।