ਸ੍ਰੀਨਗਰ: ਘਾਟੀ ਵਿੱਚ ਧਾਰਾ 370 ਅਤੇ 35 ਏ ਹਟਾਏ ਜਾਣ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਹਲਾਤ ਤਲਖ਼ੀ ਵਾਲੇ ਬਣੇ ਹੋਏ ਹਨ। ਇਸ ਦੌਰਾਨ ਪਾਕਿਸਤਾਨ ਨੇ ਮਕਬੂਜ਼ਾ ਕਸ਼ਮੀਰ ਦੇ ਅਧੀਨ ਆਉਂਦੀ ਕੰਟਰੋਲ ਰੇਖਾ (loc) ਤੇ ਨੇੜੇ 2000 ਦੇ ਕਰੀਬ ਫ਼ੌਜੀਆਂ ਦੀ ਤੈਨਾਤੀ ਕੀਤੀ ਹੈ।
ਸਮਾਚਾਰ ਏਜੰਸੀ ਏਐਨਆਈ ਨੇ ਫ਼ੌਜ ਦੇ ਸੂਤਰਾਂ ਦੇ ਹਵਾਲੇ ਤੋਂ ਲਿਖਿਆ ਹੈ ਕਿ ਕੰਟਰੋਲ ਰੇਖਾ ਤੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ ਤੇ ਪਾਕਿਸਤਾਨ ਨੇ ਕਰੀਬ ਇੱਕ ਬ੍ਰਿਗੇਡ ਦੇ ਅਕਾਰ ਦੇ ਫ਼ੌਜੀਆਂ ਦੀ ਟੋਲੀ ਨੂੰ ਰਵਾਨਾ ਕੀਤਾ ਹੈ। ਇਹ ਟੋਲੀ ਮਕਬੂਜ਼ਾ ਕਸ਼ਮੀਰ ਦੇ ਬਾਗ਼ ਅਤੇ ਕੋਟਲੀ ਸੈਕਟਰ ਵਿੱਚ ਜਾਂਦੇ ਵਿਖਾਈ ਦਿੱਤੇ।
ਭਾਰਤੀ ਫ਼ੌਜ ਦੇ ਸੂਤਰ ਨੇ ਦੱਸਿਆ ਕਿ ਪਾਕਿਸਤਾਨ ਫ਼ੌਜ ਫ਼ਿਲਹਾਲ ਕੰਟਰੋਲ ਰੇਖਾ ਤੋਂ 30 ਕਿਲੋਮੀਟਰ ਦੀ ਦੂਰੀ ਤੇ ਕੈਂਪ ਕਰ ਕੇ ਰਹਿ ਰਹੀ ਹੈ। ਭਾਰਤੀ ਫ਼ੌਜ ਨੇ ਪਾਕਿਸਤਾਨ ਦੀ ਇਸ ਗਤੀਵਿਧੀ ਤੇ ਪੂਰੀ ਤਰ੍ਹਾਂ ਨਜ਼ਰ ਰੱਖੀ ਹੋਈ ਹੈ। ਇਸ ਦੇ ਮੱਦੇਨਜ਼ਰ ਭਾਰਤੀ ਫ਼ੌਜ ਨੇ ਹਾਈ ਅਲਰਟ ਵੀ ਜਾਰੀ ਕੀਤਾ ਹੋਇਆ ਹੈ।
ਫ਼ੌਜ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਫ਼ੌ਼ਜ ਦੀ ਇਹ ਗਤੀਵਿਧੀ ਉਸ ਵੇਲੇ ਸਾਹਮਣੇ ਆਈ ਜਦੋਂ ਪਾਕਿਸਾਤਨੀ ਅੱਤਵਾਦੀ ਗਰੁੱਪ ਲਸ਼ਕਰ ਏ ਤੋਇਬਾ, ਜੈਸ਼ ਏ ਮੁਹੰਮਦ ਨੇ ਬੜੇ ਜ਼ੋਰਦਾਰ ਤਰੀਕੇ ਨਾਲ਼ ਨੌਜਵਾਨਾਂ ਦੀ ਭਰਤੀ ਸ਼ੁਰੂ ਕੀਤੀ ਹੈ।