ਸ੍ਰੀਨਗਰ: ਜੰਮੂ ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਬਾਰੂਦੀ ਸੁਰੰਗ ਵਿੱਚ ਹੋਏ ਧਮਾਕੇ ਵਿੱਚ ਫੌਜ ਦੇ 2 ਜਵਾਨ ਜ਼ਖਮੀ ਹੋ ਗਏ। ਪੁਲਿਸ ਦੇ ਸੂਤਰਾਂ ਨੇ ਦੱਸਿਆ ਕਿ ਜ਼ਖਮੀ ਜਵਾਨਾਂ ਦੀ ਪਛਾਣ ਕਾਂਸਟੇਬਲ ਐਸ ਮਿਨਜੂਰ ਰਹਿਮਾਨ ਅਤੇ ਕਾਂਸਟੇਬਲ ਉਪਾਧਿਆਏ ਪ੍ਰਸਾਦ ਰਜਿੰਦਰ ਵਜੋਂ ਹੋਈ ਹੈ।
ਦੋਵੇਂ ਜ਼ਖਮੀ ਵਿਅਕਤੀ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ ਦੇ ਕਲਾਲ ਖੇਤਰ ਵਿੱਚ ਡਿਊਟੀ ਕਰ ਰਹੇ ਸਨ। ਸੂਤਰਾਂ ਅਨੁਸਾਰ ਮਿਨਜੂਰ ਰਹਿਮਾਨ ਨੂੰ ਉਧਮਪੁਰ ਬੇਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਦੋਂ ਕਿ ਉਪਾਧਿਆਏ ਪ੍ਰਸਾਦ ਰਜਿੰਦਰ ਨੂੰ ਰਾਜੌਰੀ ਆਰਮੀ ਹਸਪਤਾਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਸੁਰੰਗ ਫਟਣ ਵੇਲੇ ਸਿਪਾਹੀ ਖੇਤਰ ਵਿੱਚ ਗਸ਼ਤ ਕਰ ਰਹੇ ਸਨ।
ਇਸ ਤੋਂ ਪਹਿਲਾਂ, 19 ਜੂਨ ਨੂੰ ਪਾਕਿਸਤਾਨ ਨੇ ਜੰਮੂ-ਕਸ਼ਮੀਰ ਦੇ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਸੈਕਟਰ ਵਿੱਚ ਕੰਟਰੋਲ ਰੇਖਾ ਦੇ ਨਾਲ-ਨਾਲ ਗੋਲ਼ੀਬੰਦੀ ਦੀ ਉਲੰਘਣਾ ਕੀਤੀ ਸੀ, ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਪੁੰਛ ਜ਼ਿਲ੍ਹੇ ਵਿੱਚ ਆਮ ਨਾਗਰਿਕਾਂ ਉੱਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਵਿੱਚ ਇੱਕੋ ਪਰਿਵਾਰ ਦੇ ਤਿੰਨ ਲੋਕ ਮਾਰੇ ਗਏ ਸਨ।