ਨਵੀਂ ਦਿੱਲੀ: ਜਨਰਲ ਬਿਪਿਨ ਰਾਵਤ ਨੇ ਬੁੱਧਵਾਰ ਨੂੰ ਦੇਸ਼ ਦੇ ਪਹਿਲੇ ਚੀਫ਼ ਆਫ਼ ਡਿਫੇਂਸ ਸਟਾਫ਼ ਦਾ ਅਹੁਦਾ ਸੰਭਾਲ ਲਿਆ ਹੈ। ਬਿਪਿਨ ਰਾਵਤ 31 ਦਸੰਬਰ ਨੂੰ ਫ਼ੌਜ ਮੁਖੀ ਦੇ ਅਹੁਦੇ ਤੋਂ ਸੇਵਾਮੁਕਤ ਹੋ ਗਏ ਸਨ। ਅਹੁਦਾ ਸੰਭਾਲਣ ਤੋਂ ਪਹਿਲਾਂ ਰਾਵਤ ਨੇ ਦਿੱਲੀ ਦੇ ਵਾਰ ਮੈਮੋਰੀਅਲ 'ਤੇ ਦੇਸ਼ ਦੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਬਿਪਿਨ ਰਾਵਤ ਦੇ ਨਾਲ ਨਵੇਂ ਸੈਨਾ ਮੁਖੀ ਮਨੋਜ ਮੁਕੰਦ ਨਰਵਾਨੇ, ਏਅਰ ਚੀਫ਼ ਮਾਰਸ਼ਲ ਰਾਕੇਸ਼ ਕੁਮਾਰ ਸਿੰਘ ਭਦੌਰੀਆ ਤੇ ਸਮੁੰਦਰੀ ਫ਼ੌਜ ਦੇ ਮੁਖੀ ਕਰਮਬੀਰ ਸਿੰਘ ਨੇ ਵੀ ਦੇਸ਼ ਦੇ ਸ਼ਹੀਦ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ CDS ਬਿਪਿਨ ਰਾਵਤ ਨੇ ਕਿਹਾ, "ਤਿੰਨੇਂ ਹੀ ਫ਼ੌਜਾਂ ਮਿਲ ਕੇ ਕੰਮ ਕਰਨਗੀਆਂ, ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਹੈ, ਉਸ ਅਨੁਸਾਰ ਮੈਂ ਏਕਤਾ ਤੇ ਸਰੋਤਾਂ ਦੀ ਬਿਹਤਰੀ ਵਰਤੋਂ ਲਈ ਕੰਮ ਕਰਾਂਗਾਂ।" ਇਸ ਦੇ ਨਾਲ ਹੀ ਰਾਜਨੀਤਿਕ ਪੱਖਪਾਤ ਕਰਨ ਦੇ ਇਲਜ਼ਾਮ ‘ਤੇ ਉਨ੍ਹਾਂ ਕਿਹਾ ਕਿ ਅਸੀਂ ਰਾਜਨੀਤੀ ਤੋਂ ਬਹੁਤ ਦੂਰ ਹਾਂ। ਸਾਨੂੰ ਸਰਕਾਰ ਦੇ ਆਦੇਸ਼ਾਂ ਅਨੁਸਾਰ ਕੰਮ ਕਰਨਾ ਪਵੇਗਾ।"
ਜ਼ਿਕਰਯੋਗ ਹੈ ਕਿ ਹਾਲ ਹੀ ਵਿਚ ਫ਼ੌਜ ਮੁਖੀ ਦਾ ਅਹੁਦਾ ਸੰਭਾਲਦਿਆਂ ਜਨਰਲ ਬਿਪਿਨ ਰਾਵਤ ਨੇ ਇਕ ਸਮਾਗਮ ਵਿੱਚ ਕਿਹਾ, "ਆਗੂ ਉਹ ਨਹੀਂ ਹੁੰਦੇ ਜੋ ਲੋਕਾਂ ਨੂੰ ਗ਼ਲਤ ਦਿਸ਼ਾ ਵੱਲ ਲੈ ਜਾਂਦੇ ਹਨ।" ਜਿਵੇਂ ਕਿ ਅਸੀਂ ਵੇਖਿਆ ਹੈ ਕਿ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਬਹੁਤ ਸਾਰੇ ਵਿਦਿਆਰਥੀ ਸ਼ਹਿਰਾਂ ਅਤੇ ਕਸਬਿਆਂ ਵਿਚ ਅੱਗ ਲਾਉਣ ਅਤੇ ਹਿੰਸਾ ਕਰਨ ਲਈ ਲੋਕਾਂ ਅਤੇ ਭੀੜ ਦੀ ਅਗਵਾਈ ਕਰ ਰਹੇ ਹਨ। ਇਹ ਲੀਡਰਸ਼ਿਪ ਨਹੀਂ ਹੈ। ”ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਵੱਲੋਂ ਉਸ ਦੇ ਬਿਆਨ ਦੀ ਸਖ਼ਤ ਅਲੋਚਨਾ ਕੀਤੀ ਗਈ ਸੀ।"