ਨਵੀਂ ਦਿੱਲੀ: ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਦੇਸ਼ ਵਿਰੋਧੀ, ਗਰੀਬ ਵਿਰੋਧੀ ਅਤੇ ਲੋਕਾਂ ਨੂੰ ਇੱਕ ਦੂਜੇ ਖ਼ਿਲਾਫ਼ ਲੜਾ ਕੇ ਰਾਜ ਕਰਨ ਵਾਲੀ ਤਾਕਤਾਂ ਨੇ ਦੇਸ਼ ਵਿੱਚ ਨਫਰਤ ਅਤੇ ਹਿੰਸਾ ਦਾ ਜ਼ਹਿਰ ਘੋਲ ਦਿੱਤਾ ਹੈ।
ਸੋਨੀਆ ਗਾਂਧੀ ਨੇ ਇਹ ਬਿਆਨ ਸ਼ਨੀਵਾਰ ਨੂੰ ਛੱਤੀਸਗੜ੍ਹ ਵਿੱਚ ਨਵਾਂ ਰਾਏਪੁਰ ਅਟਲ ਨਗਰ ਵਿਖੇ ਵਿਧਾਨ ਸਭਾ ਭਵਨ ਦੇ ਭੂਮੀ ਪੂਜਨ ਸਮਾਗਮ ਨੂੰ ਵੀਡੀਓ ਕਾਨਫ਼ਰੰਸਿੰਗ ਰਾਹੀਂ ਸੰਬੋਧਨ ਕਰਦਿਆਂ ਦਿੱਤਾ।
ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਨੇ ਕਿਹਾ, "ਅਸੀਂ ਪਿਛਲੇ 7 ਦਹਾਕਿਆਂ ਵਿੱਚ ਲੰਮੀ ਦੂਰੀ ਤੈਅ ਕੀਤੀ ਹੈ ਪਰ ਆਜ਼ਾਦੀ ਦੀ ਲੜਾਈ ਦੌਰਾਨ ਜੋ ਪ੍ਰਣ ਅਸੀਂ ਲਿਆ ਸੀ ਉਸ ਨੂੰ ਪੂਰਾ ਕਰਨ ਲਈ ਅਜੇ ਵੀ ਬਹੁਤ ਕੁੱਝ ਕੀਤਾ ਜਾਣਾ ਬਾਕੀ ਹੈ।"
ਉਨ੍ਹਾਂ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸਾਡੇ ਦੇਸ਼ ਨੂੰ ਲੀਹ ਤੋਂ ਲਾਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਪ੍ਰਧਾਨ ਨੇ ਕਿਹਾ, "ਸਾਡੇ ਲੋਕਤੰਤਰ ਸਾਹਮਣੇ ਨਵੀਆਂ ਚੁਣੌਤੀਆਂ ਖੜੀਆਂ ਹੋਈਆਂ ਹਨ। ਅੱਜ ਦੇਸ਼ ਵਿਰੋਧੀ, ਗਰੀਬ ਵਿਰੋਧੀ ਅਤੇ ਲੋਕਾਂ ਨੂੰ ਇੱਕ ਦੂਜੇ ਖ਼ਿਲਾਫ਼ ਲੜਾ ਕੇ ਰਾਜ ਕਰਨ ਵਾਲੀ ਤਾਕਤਾਂ ਨੇ ਦੇਸ਼ ਵਿੱਚ ਨਫਰਤ ਅਤੇ ਹਿੰਸਾ ਦਾ ਜ਼ਹਿਰ ਘੋਲ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਮਹੱਤਵਪੂਰਣ ਦਿਨ ਹੈ ਜਦੋਂ ਅਸੀਂ ਨਵੇਂ ਵਿਧਾਨ ਸਭਾ ਦੀ ਨੀਂਹ ਰੱਖ ਰਹੇ ਹਾਂ ਅਤੇ ਇਹ ਉਹ ਦਿਨ ਹੈ ਜਦੋਂ ਅਸੀਂ ਆਪਣੇ ਲੋਕਤੰਤਰ ਦੀ ਨੀਂਹ ਰੱਖਣ ਦੀ ਸਹੁੰ ਚੁੱਕਦੇ ਹਾਂ। ਜਿੰਨਾ ਚਿਰ ਸਾਡੇ ਹੱਥਾਂ ਵਿੱਚ ਤਾਕਤ ਹੈ, ਅਸੀਂ ਕਤਾਰ ਵਿਚਲੇ ਅਖਰੀਲੇ ਵਿਅਕਤੀ ਦਾ ਵੀ ਧਿਆਨ ਰੱਖ ਕੇ ਫ਼ੈਸਲੇ ਲਵਾਂਗੇ।