ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਰਹੱਦੀ ਸੁਰੱਖਿਆ ਬਲ (ਬੀਐਸਐਫ), ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀਆਰਪੀਐਫ), ਰਾਸ਼ਟਰੀ ਰਾਜਧਾਨੀ ਦੇ ਐਮਐਚਏ ਕੰਟਰੋਲ ਰੂਮ 'ਚ ਕੋਵਿਡ-19 ਮਾਮਲਿਆਂ ਦੀ ਵਧ ਰਹੀ ਗਿਣਤੀ ਸਬੰਧੀ ਕੇਂਦਰੀ ਆਰਮਡ ਪੁਲਿਸ ਫੋਰਸਿਜ਼ (ਸੀਏਪੀਐਫ) ਦੇ ਡਾਇਰੈਕਟਰ ਜਨਰਲ ਨਾਲ ਸਮੀਖਿਆ ਬੈਠਕ ਦੀ ਪ੍ਰਧਾਨਗੀ ਕੀਤੀ।
ਜਾਣਕਾਰੀ ਮੁਤਾਬਕ ਮੀਟਿੰਗ ਵਿੱਚ ਸਾਰੇ ਸੀਏਪੀਐਫ ਦੀ ਸੁਰੱਖਿਆ ਅਤੇ ਸਿਹਤ ਨੂੰ ਯਕੀਨੀ ਬਣਾਉਣ ਲਈ ਚੁੱਕੇ ਗਏ ਕਦਮਾਂ 'ਤੇ ਵਿਚਾਰ ਵਟਾਂਦਰੇ ਕੀਤੇ ਗਏ। ਇਸ ਤੋਂ ਇਲਾਵਾ ਮੀਟਿੰਗ ਵਿੱਚ ਕੁੱਝ ਪ੍ਰਬੰਧਾਂ ਨੂੰ ਬਦਲਣ ਅਤੇ ਬੈਰਕਾਂ 'ਚ ਸਹੂਲਤਾਂ ਦੇਣ, ਆਯੂਸ਼ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਛੋਟ ਨੂੰ ਵਧਾਉਣ ਅਤੇ ਕਰਮਚਾਰੀਆਂ ਦੇ ਸਹੀ ਪ੍ਰਬੰਧਨ ਸਮੇਤ ਕਈ ਹੋਰ ਸੁਝਾਅ ਦਿੱਤੇ ਗਏ।
ਇਹ ਵੀ ਪੜ੍ਹੋ: ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਤੋਂ ਪਰਾਲੀ ਸਮੱਸਿਆ ਦੇ ਹੱਲ ਲਈ ਕੀਤੀ ਬੋਨਸ ਦੀ ਮੰਗ਼
ਗ੍ਰਹਿ ਮੰਤਰੀ ਨੇ ਹਾਦਸਿਆਂ ਦੀ ਸੂਰਤ ਵਿੱਚ ਬਕਾਏ ਦੀ ਸਮੇਂ ਸਿਰ ਅਦਾਇਗੀ ਕਰਨ 'ਤੇ ਜ਼ੋਰ ਦਿੱਤਾ। ਮੀਟਿੰਗ ਵਿੱਚ ਐਮਓਐਸ (ਗ੍ਰਹਿ ਮਾਮਲੇ) ਨਿਤਿਆਨੰਦ ਰਾਏ, ਸੀਏਪੀਐਫ ਦੇ ਡੀਜੀ ਅਤੇ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਏ।
ਅਰਧ ਸੈਨਿਕ ਬਲਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵਧ ਰਹੇ ਹਨ। ਹੁਣ ਤੱਕ ਕੁੱਲ ਪੌਜ਼ੀਟਿਵ ਮਾਮਲਿਆਂ ਦੀ ਗਿਣਤੀ 380 ਤੋਂ ਪਾਰ ਹੋ ਚੁੱਕੀ ਹੈ ਅਤੇ 3 ਦੀ ਮੌਤ ਹੋ ਚੁੱਕੀ ਹੈ। ਵੀਰਵਾਰ ਨੂੰ 2 ਬੀਐਸਐਫ ਦੇ ਜਵਾਨਾਂ ਨੇ ਕੋਰੋਨਾ ਕਾਰਨ ਦਮ ਤੋੜ ਦਿੱਤਾ।