ਨਵੀਂ ਦਿੱਲੀ: ਖੁਫੀਆ ਏਜੰਸੀਆਂ ਨੂੰ ਸੂਚਨਾ ਮਿਲੀ ਹੈ ਕਿ ਵੱਖਵਾਦੀ ਸੰਗਠਨ ਸਿੱਖਸ ਫਾਰ ਜਸਟਿਸ (ਐਸਐਫਜੇ) ਨੇ ਇਸ ਮਹੀਨੇ ਦੇ ਅਖੀਰ ਵਿੱਚ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ, ਜਿਸ ਤੋਂ ਬਾਅਦ ਅਲਰਟ ਜਾਰੀ ਕੀਤਾ ਗਿਆ ਹੈ।
ਖਾਲਿਸਤਾਨੀ ਸਮਰਥਕ ਐਸਐਫਜੇ ਦੀ ਵੱਖਵਾਦੀ ਅਤੇ ਫਿਰਕੂ ਨੀਤੀਆਂ ਕਾਰਨ ਬੀਤੇ ਵਰ੍ਹੇ ਜੁਲਾਈ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਐਸਐਫਜੇ ਨੂੰ ਗੈਰਕਾਨੂੰਨੀ ਐਲਾਨ ਦਿੱਤਾ ਸੀ। ਨਿਊ ਯਾਰਕ ਵਿੱਚ ਰਹਿਣ ਵਾਲੇ ਐਸਐਫਜੇ ਦੇ ਮੁੱਖ ਪ੍ਰਚਾਰਕ ਅਤੇ ਵਕੀਲ ਗੁਰਪਤਵੰਤ ਸਿੰਘ ਪੰਨੂ ਨੇ ਬੰਦ ਦਾ ਸੱਦਾ ਦਿੱਤਾ ਹੈ।
ਐਸਐਫਜੇ ਨੇ ਆਪਣੇ ਤਾਜ਼ਾ ਬਿਆਨ ਰਾਹੀਂ ਦਿਲਾਵਰ ਸਿੰਘ ਦੀ 25ਵੀਂ ਬਰਸੀ ਮਨਾਉਣ ਲਈ 31 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਦਿਲਾਵਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦਾ ਹੱਤਿਆਰਾ ਹੈ।
ਕਾਂਗਰਸੀ ਨੇਤਾ ਬੇਅੰਤ ਸਿੰਘ ਸਾਲ 1992 ਤੋਂ 1995 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ ਸੀ। 31 ਅਗਸਤ 1995 ਨੂੰ ਤੱਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਚੰਡੀਗੜ੍ਹ ਸੈਕਟਰੀਏਟ ਦੇ ਬਾਹਰ ਬੰਬ ਧਮਾਕੇ ਵਿੱਚ ਉਡਾ ਦਿੱਤਾ ਗਿਆ ਸੀ। ਹਮਲੇ ਵਿੱਚ 16 ਹੋਰ ਵਿਅਕਤੀਆਂ ਦੀ ਜਾਨ ਗਈ ਸੀ। ਇਸ ਹਮਲੇ ਵਿੱਚ ਪੰਜਾਬ ਪੁਲਿਸ ਦੇ ਮੁਲਾਜ਼ਮ ਦਿਲਾਵਰ ਸਿੰਘ ਨੇ ਮਨੁੱਖੀ ਬੰਬ ਦੀ ਭੂਮੀਕਾ ਨਿਭਾਈ ਸੀ।
ਪੰਜਾਬ ਬੰਦ ਦੇ ਸੱਦੇ ਵਿੱਚ ਐਸਐਫਜੇ ਨੇ ਉਨ੍ਹਾਂ ਸਿੱਖਾਂ ਦੀ ਯਾਤਰਾ ਦਾ ਖਰਚਾ ਦੇਣ ਦਾ ਐਲਾਨ ਕੀਤਾ ਹੈ, ਜੋ 31 ਅਗਸਤ ਨੂੰ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਵਿੱਚ ਸ਼ਾਮਲ ਹੋਣਗੇ।
ਪੰਨੂ ਨੇ ਆਪਣੀ ਅਪੀਲ ਵਿੱਚ ਜ਼ਿਕਰ ਕੀਤਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 2012 ਵਿੱਚ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਿਯੁਕਤ ਕੀਤਾ ਸੀ, ਜਿਨ੍ਹਾਂ ਨੇ ਬੇਅੰਤ ਸਿੰਘ ਦੇ ਕਾਤਲ ਦਿਲਾਵਰ ਸਿੰਘ ਨੂੰ ‘ਕੌਮੀ ਸ਼ਹੀਦ’ ਐਲਾਨਿਆ ਸੀ।
ਐਸਐਫਜੇ ਨੇ 31 ਅਗਸਤ ਨੂੰ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਵਿੱਚ ਸ਼ਾਮਲ ਹੋਣ ਦੀ ਇੱਛਾ ਰੱਖਣ ਵਾਲੇ ਪੰਜਾਬ ਦੇ ਸਿੱਖਾਂ ਨੂੰ ਸੇਵਾ ਕਰਨ ਦੀ ਬੇਨਤੀ ਕੀਤੀ ਹੈ। ਇਸ ਨੂੰ ਲੈ ਕੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਪੰਜਾਬ ਪੁਲਿਸ ਨੂੰ ਵੀ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ ਇਸ ਲਈ ਯੋਗ ਪ੍ਰਬੰਧ ਕਰਨ ਲਈ ਕਿਹਾ ਗਿਆ ਹੈ।