ਨਵੀਂ ਦਿੱਲੀ: ਰਾਜ ਸਭਾ ਵਿੱਚ ਐਤਵਾਰ ਨੂੰ ਦੋ ਖੇਤੀਬਾੜੀ ਬਿੱਲ ਪਾਸ ਹੋਣ ਤੋਂ ਬਾਅਦ ਸੁਖਦੇਵ ਸਿੰਘ ਢੀਂਡਸਾ ਨੇ ਨਾਰਾਜ਼ਗੀ ਜ਼ਾਹਿਰ ਕੀਤੀ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਉਨ੍ਹਾਂ ਨੇ ਦੱਸਿਆ ਕਿ ਬਿੱਲ ਨੂੰ ਜਲਦਬਾਜ਼ੀ ਵਿੱਚ ਪਾਸ ਕਰਨ ਦੀ ਕੋਈ ਜ਼ਰੂਰਤ ਨਹੀਂ ਸੀ। ਲੋਕਤੰਤਰ ਵਿੱਚ ਸਭ ਦੀ ਆਵਾਜ਼ ਸੁਣੀ ਜਾਣੀ ਚਾਹੀਦੀ ਹੈ।
ਢੀਂਡਸਾ ਨੇ ਈਟੀਵੀ ਭਾਰਤ ਨੂੰ ਦੱਸਿਆ ਕਿ ਸੰਸਦ ਵਿੱਚ ਉਨ੍ਹਾਂ ਨੂੰ ਬੋਲਣ ਲਈ ਸਿਰਫ਼ ਦੋ ਮਿੰਟ ਦਿੱਤੇ ਗਏ ਸਨ। ਉਨ੍ਹਾਂ ਨੇ ਸੰਸਦ ਵਿੱਚ ਕਿਹਾ ਕਿ ਪੰਜਾਬ ਅਤੇ ਹਰਿਆਣਾ ਨੂੰ ਇਸ ਬਿੱਲ ਵਿਚੋਂ ਬਾਹਰ ਰੱਖਿਆ ਜਾ ਸਕਦਾ ਹੈ।
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਇੱਕ ਕਿਸਾਨ ਆਗੂ ਰਹੇ ਹਨ ਅਤੇ ਉਨ੍ਹਾਂ ਵੱਲੋਂ ਇਸ ਕਿਸਾਨ ਵਿਰੋਧੀ ਬਿੱਲ ਦੀ ਹਮਾਇਤ ਕਰਨ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਪਹੁੰਚਿਆ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੇਂਦਰੀ ਮੰਤਰੀ ਮੰਡਲ ਵਿੱਚੋਂ ਅਸਤੀਫਾ ਕੇਵਲ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਕਰਕੇ ਦਿੱਤਾ ਗਿਆ ਹੈ।
ਪੰਜਾਬ ਤੇ ਬਾਦਲ ਪਿੰਡ ਵਿੱਚ ਲੋਕਾਂ ਨੇ ਵੱਡਾ ਧਰਨਾ ਲਗਾਇਆ ਹੋਇਆ ਹੈ ਜਿਸ ਦੇ ਚੱਲਦਿਆਂ ਦਬਾਅ ਹੇਠ ਇਹ ਅਸਤੀਫ਼ਾ ਦਿੱਤਾ ਗਿਆ ਹੈ। ਅਕਾਲੀ ਦਲ ਨੇ ਕਿਸਾਨਾਂ ਦੇ ਦਬਾਅ ਹੇਠ ਹੀ ਯੂ ਟਰਨ ਲਿਆ ਹੈ। ਸ਼ੁਰੂਆਤ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇਨ੍ਹਾਂ ਬਿੱਲਾਂ ਦੀ ਹਮਾਇਤ ਕੀਤੀ ਸੀ।
ਢੀਂਡਸਾ ਨੇ ਦੱਸਿਆ ਕਿ ਉਨ੍ਹਾਂ ਨੇ ਰਾਜ ਸਭਾ ਦੇ ਚੇਅਰਮੈਨ ਨੂੰ ਇੱਕ ਚਿੱਠੀ ਰਾਹੀਂ ਸੂਚਿਤ ਕਰ ਦਿੱਤਾ ਸੀ ਕਿ ਹੁਣ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੰਸਦ ਮੈਂਬਰ ਵਜੋਂ ਨਾ ਵੇਖਿਆ ਜਾਵੇ ਅਤੇ ਉਹ ਹੁਣ ਇੱਕ ਆਜ਼ਾਦ ਸੰਸਦ ਵੱਲੋਂ ਸੰਸਦ ਵਿੱਚ ਆਉਣਗੇ। ਆਪਣੀ ਚਿੱਠੀ ਵਿੱਚ ਉਨ੍ਹਾਂ ਨੇ ਅਕਾਲੀ ਦਲ ਵੱਲੋਂ ਉਨ੍ਹਾਂ ਨੂੰ ਕੱਢੇ ਜਾਣ ਦੇ ਕਾਗਜ਼ ਵੀ ਨੱਥੀ ਕਰ ਦਿੱਤੇ ਸਨ।
ਉਨ੍ਹਾਂ ਦੀ ਨਵੀਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਬਾਰੇ ਪੁੱਛੇ ਜਾਣ 'ਤੇ ਢੀਂਡਸਾ ਨੇ ਕਿਹਾ ਕਿ ਚੋਣ ਕਮਿਸ਼ਨ ਵਿੱਚ ਪਾਰਟੀ ਦੀ ਰਜਿਸਟ੍ਰੇਸ਼ਨ ਦਾ ਕੰਮ ਚੱਲ ਰਿਹਾ ਹੈ। ਕਮਿਸ਼ਨ ਵੱਲੋਂ ਜੋ ਕਾਗਜ਼ ਮੰਗੇ ਗਏ ਹਨ ਉਨ੍ਹਾਂ ਨੂੰ ਜਲਦ ਹੀ ਕਮਿਸ਼ਨ ਨੂੰ ਦੇ ਦਿੱਤਾ ਜਾਵੇਗਾ।