ਰਾਏਗੰਜ : ਰਾਸ਼ਟਰਪਤੀ ਨੇ ਹਾਲ ਹੀ ਵਿੱਚ ਤਿੰਨ ਤਲਾਕ ਨੂੰ ਮਨਜੂਰੀ ਦੇ ਦਿੱਤੀ ਹੈ। ਤਿੰਨ ਤਲਾਕ ਬਿੱਲ ਨੂੰ ਮਨਜੂਰੀ ਮਿਲਣ ਤੋਂ ਮਹਿਜ 24 ਘੰਟਿਆਂ ਦੇ ਦੌਰਾਨ ਤਿੰਨ ਤਲਾਕ ਨਾਲ ਸਬੰਧਤ ਕਈ ਅਪਰਾਧਕ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਇੱਕ ਮਾਮਲਾ ਪੱਛਮੀ ਬੰਗਾਲ ਤੋਂ ਸਾਹਮਣੇ ਆਇਆ ਹੈ। ਇਥੇ ਇੱਕ ਪਤੀ ਵੱਲੋਂ ਪਤਨੀ ਨੂੰ ਤਲਾਕ ਦੇਣ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ।
ਰਾਏਗੰਜ ਦੇ ਪਿੰਡ ਬਿਸ਼ਨਪੁਰ ਵਿੱਚ ਤਿੰਨ ਤਲਾਕ ਨੂੰ ਲੈ ਕੇ ਇੱਕ ਮਹਿਲਾ ਦਾ ਕਤਲ ਕੀਤੇ ਜਾਣ ਦੀ ਖ਼ਬਰ ਹੈ। ਪਿੰਡ ਬਿਸ਼ਨਪੁਰ ਗੌਰੀ ਪਿੰਡ ਦੀ ਪੰਚਾਇਤ ਨੂੰ ਪਿੰਡ ਤੋਂ ਬਾਹਰ ਕੁਝ ਦੂਰੀ 'ਤੇ ਮਹਿਲਾ ਦੀ ਲਾਸ਼ ਬਰਾਮਦ ਹੋਈ। ਮ੍ਰਿਤਕਾ ਦੀ ਪਛਾਣ ਨੂਰ ਵਜੋਂ ਹੋਈ ਹੈ। ਮ੍ਰਿਤਕਾ ਦੇ ਪਤੀ ਅਤੇ ਸੁਹਰਾ ਪਰਿਵਾਰ ਉੱਤੇ ਉਸ ਨੂੰ ਤਿੰਨ ਤਲਾਕ ਦੇਣ ਮਗਰੋਂ ਉਸ ਨਾਲ ਕੁੱਟਮਾਰ ਅਤੇ ਕਤਲ ਕੀਤੇ ਜਾਣ ਦੇ ਦੋਸ਼ ਲਗਾਏ ਗਏ ਹਨ।
ਸਥਾਨਕ ਲੋਕਾਂ ਮੁਤਾਬਕ ਚਾਰ ਸਾਲ ਪਹਿਲਾਂ ਦਮਦੋਲਿਆ ਪਿੰਡ ਦੀ ਨੂਰ ਬਾਨੋ ਦਾ ਵਿਆਹ ਰਾਏਗੰਜ ,ਗੌੜ ਪਿੰਡ ਦੇ ਮੁਹੰਮਦ ਸੁੰਦਰਲਾਲ ਨਾਲ ਹੋਇਆ ਸੀ। ਨੂਰ ਅਤੇ ਉਸ ਦੇ ਪਤੀ ਵਿਚਾਲੇ ਤਾਸ਼ ਖੇਡਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਵਿਵਾਦ ਹੋ ਗਿਆ। ਵਿਵਾਦ ਵੱਧ ਜਾਣ ਮਗਰੋਂ ਸੁੰਦਰਲਾਲ ਨੇ ਨੂਰ ਨੂੰ ਤਲਾਕ ਦੇ ਦਿੱਤਾ। ਇਸ ਤੋਂ ਪਹਿਲਾਂ ਕਿ ਇਹ ਮਾਮਲਾ ਆਪਸ 'ਚ ਬੈਠ ਕੇ ਸੁਲਝਾਇਆ ਜਾਂਦਾ ਸੁੰਦਰਲਾਲ ਨੇ ਤਲਾਕ ਦੇਣ ਮਗਰੋਂ ਨੂਰ ਨਾਲ ਕੁੱਟਮਾਰ ਕੀਤੀ ਅਤੇ ਬਾਅਦ ਵਿੱਚ ਗਲਾ ਕੱਟ ਉਸ ਦਾ ਕਤਲ ਕਰ ਦਿੱਤਾ।
ਸਵੇਰੇ ਜਦੋਂ ਪਿੰਡ ਵਾਸੀਆਂ ਨੂੰ ਨੂਰ ਦੀ ਲਾਸ਼ ਮਿਲੀ ਤਾਂ ਉਨ੍ਹਾਂ ਨੇ ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ। ਕਤਲ ਕੀਤੇ ਜਾਣ ਮਗਰੋਂ ਸੁੰਦਰਲਾਲ ਅਤੇ ਉਸ ਦਾ ਪਰਿਵਾਰ ਪਿੰਡ ਛੱਡ ਕੇ ਫ਼ਰਾਰ ਹੋ ਗਿਆ ਹੈ। ਪਿੰਡ ਵਾਸੀਆਂ ਵੱਲੋਂ ਮੁਲਜ਼ਮ ਅਤੇ ਉਸ ਦੇ ਪਰਿਵਾਰ ਉੱਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਗਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।