ਨਵੀਂ ਦਿੱਲੀ: ਸੀਨੀਅਰ ਕਾਂਗਰਸੀ ਨੇਤਾ ਅਤੇ ਸਾਬਕਾ ਕੇਂਦਰੀ ਮੰਤਰੀ ਕਪਿਲ ਸਿੱਬਲ ਦੇ ਬਿਆਨ ਤੋਂ ਬਾਅਦ ਕਾਂਗਰਸ ਪਾਰਟੀ 'ਚ ਅੰਦਰੂਨੀ ਜੰਗ ਹੁੰਦੀ ਜਾ ਰਿਹਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸਿੱਬਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ ਕਾਂਗਰਸ ਨੂੰ ਨਜ਼ਰ ਅੰਦਾਜ਼ ਕਰ ਰਹੇ ਹਨ ਅਤੇ ਸ਼ਰਮਨਾਕ ਗਤੀਵਿਧੀਆਂ ਵਿੱਚ ਉਲਝ ਰਹੇ ਹਨ, ਉਹ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋ ਸਕਦੇ ਹਨ ਜਾਂ ਆਪਣੀ ਪਾਰਟੀ ਬਣਾ ਸਕਦੇ ਹਨ। ਉਨ੍ਹਾਂ ਨੇ ਕਪਿਲ ਸਿੱਬਲ ਦਾ ਨਾਂਅ ਲਏ ਬਿਨਾਂ ਨਿਸ਼ਾਨਾ ਸਾਧਿਦਿਆਂ ਕਿਹਾ ਕਿ ਅਜਿਹੇ ਨੇਤਾ ਜੋ ਸ਼ੁਰੂ ਤੋਂ ਗਾਂਧੀ ਪਰਿਵਾਰ ਦੇ ਨੇੜੇ ਰਹੇ ਹਨ ਤੇ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਸਾਹਮਣੇ ਮੁੱਦਿਆਂ ਨੂੰ ਰੱਖਣ ਦੀ ਆਜ਼ਾਦੀ ਰੱਖਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਧੀਰ ਰੰਜਨ ਚੋਧਰੀ ਨੇ ਕਿਹਾ ਕਿ ਜੇਕਰ ਕੋਈ ਨੇਤਾ ਸੋਚਦਾ ਹੈ ਕਿ ਕਾਂਗਰਸ ਉਸ ਦੇ ਲਈ ਸਹੀ ਪਾਰਟੀ ਨਹੀਂ ਹੈ ਤਾਂ ਉਹ ਪਾਰਟੀ ਬਣਾ ਸਕਦਾ ਹੈ ਜਾਂ ਕੋਈ ਹੋਰ ਪਾਰਟੀ ਜੁਆਇਨ ਕਰ ਸਕਦਾ ਹੈ, ਜਿਸ ਦੇ ਬਾਰੇ ਵਿੱਚ ਉਹ ਸੋਚਦੇ ਹੋਣ ਕਿ ਇਹ ਉਸ ਲਈ ਸਹੀ ਪਾਰਟੀ ਹੈ, ਪਰ ਉਸ ਨੂੰ ਅਜਿਹੀਆਂ ਸ਼ਰਮਨਾਕ ਗਤੀਵਿਧੀਆਂ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ ਜਿਸ ਨਾਲ ਕਾਂਗਰਸ ਪਾਰਟੀ ਦੀ ਭਰੋਸੇਯੋਗਤਾ ਉੱਤੇ ਸਵਾਲ ਖੜ੍ਹੇ ਹੋਣ।
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਵੱਡੇ ਲੀਡਰਾਂ ਨੂੰ ਅਜਿਹੀ ਬਿਆਨਬਾਜ਼ੀ 'ਚ ਨਹੀਂ ਪੈਣਾ ਚਾਹੀਦਾ। ਉਨ੍ਹਾਂ ਨੂੰ ਗਾਂਧੀ ਪਰਿਵਾਰ ਦੀ ਨੇੜਤਾ ਮਿਲੀ ਹੋਈ ਹੈ। ਉਹ ਕਿਸੇ ਵੀ ਵਿਸ਼ੇ ਨੂੰ ਪਾਰਟੀ ਹਾਈ ਕਮਾਨ ਦੇ ਸਾਹਮਣੇ ਜਾਂ ਪਾਰਟੀ ਫੋਰਮ ਵਿੱਚ ਰੱਖ ਸਕਦੇ ਹਨ। ਅਧੀਰ ਰੰਜਨ ਚੌਧਰੀ ਨੇ ਬਿਹਾਰ ਚੋਣਾਂ ਬਾਰੇ ਕਿਹਾ ਕਿ ਜੇਕਰ ਅਜਿਹੇ ਆਗੂ ਸੱਚਮੁਚ ਸੰਵੇਦਨਸ਼ੀਲ ਸਨ ਤਾਂ ਉਨ੍ਹਾਂ ਨੂੰ ਇਸ ਫ਼ਰਕ ਨੂੰ ਜ਼ਮੀਨੀ ਤੌਰ ’ਤੇ ਸਾਬਤ ਕਰਨਾ ਸੀ। ਕੀ ਉਸ ਨੇ ਪਾਰਟੀ ਦੇ ਹਿੱਤ ਵਿੱਚ ਬਿਹਾਰ ਚੋਣਾਂ ਵਿੱਚ ਕੋਈ ਕੰਮ ਕੀਤਾ ਸੀ।
ਤੁਹਾਨੂੰ ਦੱਸ ਦਈਏ ਕਿ ਪਿਛਲੇ ਸੋਮਵਾਰ ਨੂੰ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈਸ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਕਪਿਲ ਸਿੱਬਲ ਨੇ ਕਿਹਾ ਸੀ ਕਿ ਜਨਤਾ ਕਾਂਗਰਸ ਨੂੰ ਸਖ਼ਤ ਵਿਕਲਪ ਵਜੋਂ ਨਹੀਂ ਦੇਖ ਰਹੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਬਿਹਾਰ ਚੋਣਾਂ ਨੂੰ ਹੀ ਨਹੀਂ, ਦੇਸ਼ ਦੇ ਹੋਰ ਰਾਜਾਂ ਦੀਆਂ ਉਪ ਚੋਣਾਂ ਨੂੰ ਵੀ ਗੰਭੀਰਤਾ ਨਾਲ ਨਹੀਂ ਲਿਆ।
ਦੱਸਣਯੋਗ ਹੈ ਕਿ ਕੁਝ ਸਮਾਂ ਪਹਿਲਾਂ ਕਪਿਲ ਸਿੱਬਲ, ਗੁਲਾਮ ਨਬੀ ਆਜ਼ਾਦ ਸਣੇ 22 ਵੱਡੇ ਨੇਤਾਵਾਂ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਆਤਮਚਿੰਤਨ ਅਤੇ ਕਾਂਗਰਸ ਵਿੱਚ ਤਬਦੀਲੀ ਦੀ ਗੱਲ ਵੀ ਕੀਤੀ ਸੀ। ਇਸ ਪੱਤਰ ਦੇ ਲੋਕਾਂ ਸਾਹਮਣੇ ਆਉਣ ਤੋਂ ਬਾਅਦ ਪਾਰਟੀ ਅੰਦਰ ਹੰਗਾਮਾ ਖੜਾ ਹੋ ਗਿਆ ਸੀ।