ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਕਿਹਾ ਕਿ ਪਾਰਟੀ ਵਰਕਰ ਕੋਵਿਡ-19 ਵਿਰੁੱਧ ਲੜਾਈ ਵਿੱਚ ਮਦਦ ਲਈ ਪੰਜਾਬ ਦੇ ਹਰ ਪਿੰਡ, ਗਲੀ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਜਾ ਕੇ ਆਕਸੀਮੀਟਰ ਨਾਲ ਲੋਕਾਂ ਦੇ ਆਕਸੀਜਨ ਦੇ ਪੱਧਰ ਦੀ ਜਾਂਚ ਕਰਨਗੇ।
ਇੱਕ ਵੀਡੀਓ ਸੰਦੇਸ਼ ਵਿੱਚ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਿਲ ਕੇ ਮੁਹਿੰਮ ਨੂੰ ਅੱਗੇ ਵਧਾਉਣ ਵਿੱਚ 'ਆਪ' ਵਾਲੰਟੀਅਰਾਂ ਦੀ ਮਦਦ ਕਰਨ।
ਕੇਜਰੀਵਾਲ ਨੇ ਕਿਹਾ, "ਕੋਰੋਨਾ ਹਰ ਦਿਸ਼ਾ ਵਿੱਚ ਫੈਲ ਰਿਹਾ ਹੈ। ਪੰਜਾਬ ਵਿੱਚ ਵੀ ਕੋਰੋਨਾ ਬਹੁਤ ਫੈਲ ਗਿਆ ਹੈ। ਸਾਰਿਆਂ ਨੂੰ ਹੁਣ ਇਕੱਠੇ ਹੋ ਕੇ ਕੁਝ ਕਦਮ ਚੁੱਕਣੇ ਪੈਣਗੇ। 'ਆਪ' ਨੇ ਲੋਕਾਂ ਨਾਲ ਹੱਥ ਮਿਲਾਉਣ ਅਤੇ ਵੱਧ ਤੋਂ ਵੱਧ ਜਾਨਾਂ ਬਚਾਉਣ ਦੀ ਕੋਸ਼ਿਸ਼ ਕਰਨ ਦਾ ਫੈਸਲਾ ਕੀਤਾ ਹੈ। ਦਿੱਲੀ ਵਿਚ ਅਸੀਂ ਵੇਖਿਆ ਹੈ ਕਿ ਆਕਸੀਮੀਟਰ ਬਹੁਤ ਮਦਦਗਾਰ ਸਾਬਤ ਹੋਏ ਹਨ। ਇਸੇ ਲਈ ਪੰਜਾਬ ਦੇ ਹਰ ਮੁਹੱਲੇ, ਹਰ ਗਲੀ ਅਤੇ ਹਰ ਪਿੰਡ ਵਿੱਚ ਆਕਸੀਮੀਟਰ ਮੁਹੱਈਆ ਕਰਵਾਇਆ ਜਾਵੇਗਾ।"
ਉਨ੍ਹਾਂ ਅੱਗੇ ਕਿਹਾ, "ਆਪ ਦੇ ਵਲੰਟੀਅਰ ਹਰ ਘਰ ਜਾ ਕੇ ਲੋਕਾਂ ਦੇ ਆਕਸੀਜਨ ਪੱਧਰ ਦੀ ਜਾਂਚ ਕਰਨਗੇ। ਕੋਰੋਨਾ ਵਾਇਰਸ ਦੀ ਲਾਗ ਕਾਰਨ ਆਕਸੀਜਨ ਦੇ ਪੱਧਰ ਵਿੱਚ ਗਿਰਾਵਟ ਆਉਂਦੀ ਹੈ ਅਤੇ ਮੌਤ ਵੀ ਹੋ ਸਕਦੀ ਹੈ। ਇਸ ਲਈ ਅਸੀਂ ਆਕਸੀਜਨ ਦੇ ਪੱਧਰ ਦੀ ਜਾਂਚ ਕਰਾਂਗੇ ਅਤੇ ਜੇ ਕਿਸੇ ਦੀ ਆਕਸੀਜਨ ਘੱਟ ਪਾਈ ਜਾਂਦੀ ਹੈ ਤਾਂ ਉਸ ਨੂੰ ਹਸਪਤਾਲ ਲੈ ਜਾਇਆ ਜਾਵੇਗਾ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਕੱਠੇ ਹੋਣ ਅਤੇ ਮੁਹਿੰਮ ਨੂੰ ਚਲਾਉਣ ਲਈ ਆਪ ਦੇ ਵਲੰਟੀਅਰਾਂ ਦੀ ਮਦਦ ਕਰਨ।"
ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ 15 ਅਗਸਤ ਨੂੰ ਐਲਾਨ ਕੀਤਾ ਸੀ ਕਿ ਆਮ ਆਦਮੀ ਪਾਰਟੀ (ਆਪ) ਦੇਸ਼ ਭਰ ਦੇ 30,000 ਪਿੰਡਾਂ ਵਿੱਚ ਆਕਸੀਮੀਟਰਾਂ ਦੀ ਵਰਤੋਂ ਨਾਲ ਖੂਨ ਵਿੱਚ ਆਕਸੀਜਨ ਦੀ ਜਾਂਚ ਲਈ ਕੇਂਦਰ ਸਥਾਪਤ ਕਰੇਗੀ।