ਨਵੀਂ ਦਿੱਲੀ: ਦਿੱਲੀ ਦੇ ਨਰੇਲਾ ਇਲਾਕੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਵਰਿੰਦਰ ਮਾਨ ਨਾਂ ਦੇ ਇੱਕ ਵਿਅਕਤੀ ਦਾ ਬਦਮਾਸ਼ਾਂ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਘਟਨਾ ਵੇਲੇ ਵਰਿੰਦਰ ਮਾਨ ਆਪਣੇ ਰਿਸ਼ਤੇਦਾਰ ਦੀ ਤੇਰ੍ਹਵੀਂ ਤੋਂ ਆਪਣੇ ਡਰਾਇਵਰ ਨਾਲ਼ ਵਾਪਸ ਘਰ ਜਾ ਰਿਹਾ ਸੀ। ਪੁਲਿਸ ਮੁਤਾਬਕ ਬਦਮਾਸ਼ ਵੀ ਇੱਕ ਕਾਰ ਵਿੱਚ ਸਵਾਰ ਸਨ। ਸਵੇਰੇ ਉਨ੍ਹਾਂ ਵਰਿੰਦਰ ਦੀ ਕਾਰ ਨੂੰ ਘੇਰ ਲਿਆ ਤੇ ਤਾਬੜਤੋੜ ਫਾਇਰਿੰਗ ਸ਼ੁਰੂ ਕਰ ਦਿੱਤੀ। ਸੂਤਰਾਂ ਅਨੁਸਾਰ ਵਰਿੰਦਰ 'ਤੇ ਕਰੀਬ 2 ਦਰਜਨ ਗੋਲ਼ੀਆਂ ਚਲਾਈਆਂ ਗਈਆਂ।
ਗਵਾਹ ਦੇ ਅਨੁਸਾਰ ਵਰਿੰਦਰ 'ਤੇ 10 ਤੋ 15 ਬਦਮਾਸ਼ਾਂ ਨੇ ਕਰੀਬ 25 ਤੋਂ 30 ਗੋਲ਼ੀਆਂ ਚਲਾਈਆਂ। ਉਸਨੇ ਕਿਹਾ ਕਿ ਇੱਕ ਦਰਜ਼ਨ ਦੇ ਕਰੀਬ ਗੋਲ਼ੀਆਂ ਵਰਿੰਦਰ ਮਾਨ ਨੂੰ ਲੱਗੀਆਂ।
ਸੂਤਰਾਂ ਨੇ ਦੱਸਿਆ ਕਿ ਵਰਿੰਦਰ ਮਾਨ ਨੇ ਬੀਐਸਪੀ ਦੀ ਟਿਕਟ 'ਤੇ ਨਿਗਮ ਕੌਂਸਲਰ ਤੇ ਲੋਕ ਸਭਾ ਦੀ ਚੋਣ ਲੜੀ ਸੀ ਤੇ ਇਨ੍ਹੀਂ ਦਿਨੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਇਆ ਸੀ। ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਵਰਿੰਦਰ ਦੇ ਨਾਲ ਉਸ ਦਾ ਡਰਾਇਵਰ ਵੀ ਮੌਜੂਦ ਸੀ ਤੇ ਉਹੀ ਕਾਰ ਚਲਾ ਰਿਹਾ ਸੀ। ਪਰ ਬਦਮਾਸ਼ਾਂ ਨੂੰ ਵੇਖ ਕੇ ਉਹ ਕਾਰ ਵਿੱਚੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ।
ਇਹ ਵੀ ਪੜੋੇ: ਤੇਰੇ ਬਾਪ ਦਾ ਦਫ਼ਤਰ ਹੈ ਕਹਿਣ 'ਤੇ ਬੈਂਸ ਵਿਰੁੱਧ ਮੁਕੱਦਮਾ ਦਰਜ
ਪੁਲਿਸ ਦੇ ਅਨੁਸਾਰ ਵਰਿੰਦਰ ਮਾਨ 'ਤੇ ਦਿੱਲੀ ਵਿੱਚ ਕਤਲ, ਲੁੱਟਾਂ ਖੋਹਾਂ ਤੇ ਜਬਰ ਜਨਾਹ ਦੇ ਕਰੀਬ 14 ਮਾਮਲੇ ਦਰਜ ਸਨ। ਇਹੀ ਵਜ੍ਹਾ ਹੈ ਕਿ ਪੁਲਿਸ ਇਸ ਵਾਰਦਾਤ ਨੂੰ ਸਿਆਸੀ ਬਦਲਾਖ਼ੋਰੀ, ਗੈਂਗਵਾਰ ਤੇ ਆਪਸੀ ਰੰਜ਼ਿਸ਼ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਆਸ-ਪਾਸ ਲਾਏ ਗਏ ਸੀਸੀਟੀਵੀ ਦੀ ਫੁਟੇਜ ਦੀ ਵੀ ਜਾਂਚ ਕੀਤੀ ਜਾ ਰਹੀ ਹੈ।