ਨਵੀਂ ਦਿੱਲੀ: ਕੇਂਦਰ ਵੱਲੋਂ ਬਣਾਏ ਗਏ ਨਵੇਂ ਖੇਤੀ ਕਾਨੂੰਨਾਂ ਖਿਲਾਫ ਦਿੱਲੀ - ਹਰਿਆਣਾ ਸਰਹੱਦ ਉਤੇ ਦਿਨ-ਰਾਤ ਡੱਟੇ ਕਿਸਾਨਾਂ ਦੀ ਸੇਵਾ ਲਈ ਆਮ ਆਦਮੀ ਪਾਰਟੀ (ਆਪ) ਨੇ ਸੇਵਾਦਾਰਾਂ ਦੀ ਫੌਜ ਉਤਾਰ ਦਿੱਤੀ ਹੈ। ਇਕੱਤਰ ਜਾਣਕਾਰੀ ਅਨੁਸਾਰ ਕਿਸਾਨ ਅੰਦੋਲਨ ਵਿੱਚ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਲਈ ਆਮ ਆਦਮੀ ਪਾਰਟੀ ਵੱਲੋਂ ਬਕਾਇਦਾ ਯੋਜਨਾਬੱਧ ਤਰੀਕੇ ਨਾਲ ਸਿੰਘੂ ਅਤੇ ਟੀਕਰੀ ਬਾਰਡਰ 'ਤੇ ਟੀਮਾਂ ਬਣਾ ਕੇ ਕੰਮ ਕੀਤਾ ਜਾ ਰਿਹਾ ਹੈ।
ਸਮੱਸਿਆਵਾਂ ਦਾ ਹੱਲ ਕਰਨ ਲਈ ਲਗਾਈਆਂ ਜਾ ਰਹੀਆਂ ਡਿਊਟੀਆਂ
- ਅੰਦੋਲਨ ਵਾਲੀ ਥਾਂ ਉਤੇ ਸੰਚਾਰੂ ਢੰਗ ਨਾਲ ਸਮੱਸਿਆਵਾਂ ਦਾ ਹੱਲ ਕਰਨ ਲਈ ਬਕਾਇਦਾ ਤੌਰ ਉਤੇ ਸਵੇਰੇ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ। ਕਿਸਾਨਾਂ ਵਾਸਤੇ ਕੰਮ ਕਰਨ ਲਈ ਬਣਾਈਆਂ ਇਹ ਟੀਮਾਂ ਦਿੱਲੀ ਸਰਕਾਰ, ਪਾਰਟੀ ਵਿਧਾਇਕਾਂ ਅਤੇ ਆਗੂਆਂ ਨਾਲ 24 ਘੰਟੇ ਸੰਪਰਕ 'ਚ ਰਹਿੰਦੀਆਂ ਹਨ। ਜਿੰਨ੍ਹਾਂ 'ਚ ਦਿੱਲੀ ਦੇ ਨਾਲ-ਨਾਲ ਪੰਜਾਬ ਦੇ ਆਗੂ ਅਤੇ ਵਲੰਟੀਅਰ ਵੱਡੀ ਗਿਣਤੀ 'ਚ ਸ਼ਾਮਿਲ ਸਨ।
- ਪਾਰਟੀ ਵੱਲੋਂ ਬਣਾਈਆਂ ਗਈਆਂ ਟੀਮਾਂ ਅੰਦੋਲਨਕਾਰੀ ਕਿਸਾਨਾਂ ਕੋਲ ਜਾ ਕੇ ਜ਼ਰੂਰਤਾਂ ਅਤੇ ਦਿੱਕਤਾਂ-ਸਮੱਸਿਆਵਾਂ ਬਾਰੇ ਪੁੱਛਦੀਆਂ ਹਨ ਤਾਂ ਜੋ ਉਨ੍ਹਾਂ ਦੀ ਹਰ ਸਮੱਸਿਆ ਨੂੰ ਛੇਤੀ ਤੋਂ ਛੇਤੀ ਦੂਰ ਕੀਤਾ ਜਾ ਸਕੇ। ਟੀਮਾਂ ਸਮੇਂ ਸਿਰ ਡਾਕਟਰੀ ਸਹਾਇਤਾ ਲਈ ਡਾਕਟਰਾਂ, ਸਿਹਤ ਕਰਮੀਆਂ ਨੂੰ ਲਿਆਉਣ ਜਾਂ ਛੱਡਣ ਦਾ ਕੰਮ ਕਰਦੀਆਂ ਹਨ। ਲੰਗਰ 'ਚ ਸਬਜੀਆਂ ਕਟਾਉਣ, ਗੈਸ ਸਿਲੰਡਰਾਂ ਦੀ ਪੂਰਤੀ, ਪਾਣੀ ਦੇ ਟੈਂਕਰ, ਪਖਾਨਿਆਂ ਦੀ ਸਫਾਈ ਤੋਂ ਲੈ ਕੇ ਪਾਣੀ ਦੇ ਪ੍ਰਬੰਧਾਂ ਦੀ ਜ਼ਿੰਮੇਵਾਰੀ 'ਆਪ' ਦੇ ਇਨ੍ਹਾਂ ਸੇਵਾਦਾਰਾਂ ਦੀਆਂ ਟੀਮਾਂ ਨੇ ਪਰਦੇ ਪਿੱਛੇ ਰਹਿ ਕੇ ਸੰਭਾਲੀ ਹੋਈ ਹੈ।
- ਸਿੰਘੂ ਬਾਰਡਰ ਉੱਪਰ ਅੰਦੋਲਨਕਾਰੀ ਕਿਸਾਨਾਂ ਦੀ ਸੇਵਾ 'ਚ ਜੁੱਟੇ 'ਆਪ' ਦੇ ਵਿਧਾਇਕ ਮਹਿੰਦਰ ਗੋਇਲ ਨੇ ਦੱਸਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਟੀਮਾਂ ਪਾਰਟੀ ਦੇ ਝੰਡੇ ਜਾਂ ਚਿੰਨ ਤੋਂ ਬਗੈਰ ਪਰਦੇ ਪਿੱਛੇ ਰਹਿਕੇ ਕੰਮ ਕਰ ਰਹੀਆਂ ਹਨ। ਜਿੰਨਾਂ ਦੀ ਸਵੇਰੇ-ਸ਼ਾਮ ਬਕਾਇਦਾ ਰਿਪੋਟਿੰਗ ਹੁੰਦੀ ਹੈ ਅਤੇ ਜ਼ਰੂਰਤ ਅਨੁਸਾਰ ਇਹ ਟੀਮਾਂ ਵਧਾਈਆਂ ਜਾ ਰਹੀਆਂ ਹਨ।
- ਮੁਹਿੰਦਰ ਗੋਇਲ ਨੇ ਦੱਸਿਆ ਕਿ ਕਿਸਾਨਾਂ ਦੇ ਸੇਵਾਦਾਰਾਂ ਵਜੋਂ 'ਆਪ' ਦੇ ਵਾਲੰਟੀਅਰ ਅਤੇ ਆਗੂ ਧਰਨਾ ਸਥਾਨ ਉੱਤੇ ਸਾਫ਼-ਸਫਾਈ ਦਾ ਵਿਸ਼ੇਸ਼ ਧਿਆਨ ਰੱਖ ਰਹੇ ਹਨ ਅਤੇ ਖੁਦ ਹੀ ਝਾੜੂ ਚੁੱਕ ਕੇ ਸਫਾਈ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ 'ਚ ਦਿੱਲੀ ਤੋਂ ਇਲਾਵਾ ਪੰਜਾਬ ਦੇ ਜ਼ਿਲ੍ਹਾ ਪੱਧਰ ਦੇ ਆਗੂ ਵੀ ਸ਼ਾਮਲ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਇਨ੍ਹਾਂ ਟੀਮਾਂ ਅਤੇ ਦਿੱਲੀ ਸਰਕਾਰ ਦਰਮਿਆਨ ਪੁਲ ਦਾ ਕੰਮ ਕਰ ਰਹੇ ਹਨ।