ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ 73 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਵਿਚ ਵਿਦੇਸ਼ੀ ਲੋਕਾਂ ਦੇ ਅੰਕੜੇ ਵੀ ਸ਼ਾਮਲ ਹਨ। ਦਿੱਲੀ ਵਿੱਚ 6 ਕੇਸ ਹੋਏ ਹਨ, ਕੇਰਲ ਵਿੱਚ ਸਭ ਤੋਂ ਵੱਧ 17 ਕੇਸ ਦਰਜ ਕੀਤੇ ਗਏ ਹਨ, ਮਹਾਰਾਸ਼ਟਰ ਵਿੱਚ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉੱਤਰ ਪ੍ਰਦੇਸ਼ ਵਿੱਚ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਹਰਿਆਣਾ ਵਿੱਚ 14 ਕੇਸ ਸਾਹਮਣੇ ਆਏ ਹਨ। ਸੰਕਰਮਿਤ 73 ਵਿੱਚੋਂ 56 ਭਾਰਤੀ ਅਤੇ 17 ਵਿਦੇਸ਼ੀ ਹਨ।
ਅੱਜ ਸੰਸਦ ਵਿੱਚ ਵੀ ਕੋਰੋਨਾ ਵਾਇਰਸ ਉੱਤੇ ਚਿੰਤਾ ਪ੍ਰਗਟਾਈ ਗਈ ਹੈ। ਕੋਰੋਨਾ ਨੂੰ ਲੈ ਕੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸੰਸਦ ਵਿੱਚ ਸੰਬੋਧਨ ਕੀਤਾ। ਉਨ੍ਹਾਂ ਸਦਨ ਨੂੰ ਕੋਰੋਨਾ ਨਾਲ ਲੜਨ ਲਈ ਭਾਰਤ ਦੀਆਂ ਤਿਆਰੀਆਂ ਬਾਰੇ ਜਾਣੂ ਕਰਵਾਇਆ।
ਉਨ੍ਹਾਂ ਕਿਹਾ ਕਿ ਸਕ੍ਰੀਨਿੰਗ ਵਿੱਚ ਕੋਈ ਲਾਪਰਵਾਹੀ ਨਹੀਂ ਹੋ ਰਹੀ। ਉਨ੍ਹਾਂ ਤਿਆਰੀਆਂ ਬਾਰੇ ਦੱਸਿਆ ਕਿ ਕੋਰੋਨਾ ਦੇ ਟੈਸਟ ਲਈ ਦੇਸ਼ ਵਿੱਚ 51 ਲੈਬ ਬਣਾਈਆਂ ਗਈਆਂ ਹਨ। ਇਸ ਤੋਂ ਇਲਾਵਾ 51 ਕਲੈਕਸ਼ਨ ਸੈਂਟਰ ਬਣਾਏ ਗਏ ਹਨ।
ਦੂਜੇ ਪਾਸੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਵੀ ਸੰਸਦ ਵਿੱਚ ਕੋਰੋਨਾ ਉੱਤੇ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਫੈਲਣਾ ਚਿੰਤਾ ਦਾ ਵਿਸ਼ਾ ਹੈ, ਸਰਕਾਰ ਨਾਗਰਿਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਈਰਾਨ ਵਿੱਚ 6000 ਭਾਰਤੀ ਫਸੇ ਹੋਏ ਸਨ, ਜਿਨ੍ਹਾਂ ਵਿੱਚ ਮਹਾਰਾਸ਼ਟਰ ਦੇ 1100 ਸ਼ਰਧਾਲੂ ਅਤੇ ਜੰਮੂ-ਕਸ਼ਮੀਰ ਦੇ 300 ਵਿਦਿਆਰਥੀ ਸ਼ਾਮਲ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਮੁੱਢਲਾ ਜ਼ੋਰ ਸ਼ਰਧਾਲੂਆਂ ਨੂੰ ਵਾਪਸ ਲਿਆਉਣ 'ਤੇ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਈਰਾਨ ਦੇ ਕੌਮ ਵਿਚ ਫਸੇ ਹੋਏ ਹਨ।
ਉਨ੍ਹਾਂ ਕਿਹਾ ਕਿ ਈਰਾਨ ਵਿੱਚ ਫਸੇ 529 ਭਾਰਤੀਆਂ ਦੇ ਨਮੂਨਿਆਂ ਵਿੱਚੋਂ 229 ਵਿੱਚ ਕੋਰੋਨਾ ਵਾਇਰਸ ਨੈਗੇਟਿਵ ਪਾਇਆ ਗਿਆ ਹੈ। ਜੈਸ਼ੰਕਰ ਨੇ ਕਿਹਾ ਕਿ ਕੋਰੋਨਾ ਵਾਇਰਸ ਫੈਲਣ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਕਿਸੇ ਨੂੰ ਵੀ ਵਤਨ ਪਰਤਣ ਲਈ ਸੰਕਰਮਣ ਮੁਕਤ ਹੋਣ ਦੇ ਸਰਟੀਫਿਕੇਟ ਦਾ ਸਖਤੀ ਨਾਲ ਪਾਲਣ ਕਰਨਾ ਜ਼ਰੂਰੀ ਹੈ।