ਨਵੀਂ ਦਿੱਲੀ: ਮਹਾਰਾਸ਼ਟਰ ਦੇ ਬੁਲਢਾਣਾ ਜ਼ਿਲ੍ਹੇ ਵਿੱਚ ਸਨਿੱਚਰਵਾਰ ਨੂੰ 71 ਸਾਲਾ ਕੋਰੋਨਾ ਵਾਇਰਸ ਦੇ ਸ਼ੱਕੀ ਮਰੀਜ਼ ਦੀ ਮੌਤ ਹੋ ਗਈ ਹੈ। ਰਿਪੋਰਟਾਂ ਮੁਤਾਬਕ ਮ੍ਰਿਤਕ ਹਾਲ ਹੀ ਵਿੱਚ 25 ਫਰਵਰੀ ਨੂੰ ਸਾਊਦੀ ਅਰਬ ਤੋਂ ਹੱਜ ਯਾਤਰਾ ਕਰਨ ਤੋਂ ਬਾਅਦ ਭਾਰਤ ਪਰਤਿਆ ਸੀ।
ਸਿਵਲ ਸਰਜਨ ਪ੍ਰੇਮਚੰਦ ਪੰਡਤ ਨੇ ਇੱਕ ਨਿਊਜ਼ ਏਜੰਸੀ ਨੂੰ ਦੱਸਿਆ ਕਿ ਮਰੀਜ਼ ਨੂੰ ਕੁਝ ਦਿਨ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਹੋਏ ਕਾਰਨ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਸਨਿੱਚਰਵਾਰ ਨੂੰ ਉਸ ਵਿੱਚ ਕੋਰੋਨਾ ਵਾਇਰਸ ਦੇ ਲੱਛਣ ਹੋਣ ਦੇ ਸ਼ੱਕ ਕਾਰਨ ਉਸ ਨੂੰ ਬੁਲਢਾਣਾ ਦੇ ਜਨਰਲ ਹਸਪਤਾਲ ਵਿੱਚ ਭੇਜਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਨਮੂਨੇ ਲੈਬ ਟੈਸਟ ਲਈ ਭੇਜੇ ਗਏ ਹਨ। ਸ਼ਾਮ 4.20 ਵਜੇ ਉਸ ਦੀ ਮੌਤ ਹੋ ਗਈ। ਲੈਬ ਦੀ ਰਿਪੋਰਟ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।
ਦੱਸ ਦਈਏ ਕਿ ਭਾਰਤ ਵਿੱਚ ਹੁਣ ਤੱਕ ਕੋਰੋਨਾ ਵਾਇਰਸ ਦੇ 84 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਨ੍ਹਾਂ ਵਿੱਚੋਂ 2 ਦੀ ਮੌਤ ਹੋ ਗਈ ਹੈ। ਕਲਬੁਰਗੀ ਦਾ ਇੱਕ 76 ਸਾਲਾ ਵਿਅਕਤੀ, ਜੋ ਹਾਲ ਹੀ ਵਿੱਚ ਸਾਊਦੀ ਅਰਬ ਤੋਂ ਪਰਤਿਆ ਸੀ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ ਜਦ ਕਿ ਦਿੱਲੀ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ 68 ਸਾਲਾ ਮਹਿਲਾ ਦੀ ਸ਼ੁੱਕਰਵਾਰ ਰਾਤ ਮੌਤ ਹੋ ਗਈ।
ਬੁਲਢਾਣਾ ਜ਼ਿਲ੍ਹੇ ਵਿੱਚ 71 ਸਾਲਾ ਕੋਰੋਨਾ ਦੇ ਸ਼ੱਕੀ ਮਰੀਜ਼ ਦੀ ਮੌਤ ਕਿਸ ਕਾਰਨ ਹੋਈ ਹੈ ਇਹ ਤਾਂ ਉਸ ਦੇ ਨਮੂਨਿਆਂ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ।