ਨਵੀਂ ਦਿੱਲੀ: ਭਾਰਤ ਵਿੱਚ ਕੋਰੋਨਾ ਵਾਇਰਸ ਦੇ ਹੁਣ ਤੱਕ 606 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 10 ਦੀ ਮੌਤ ਹੋ ਚੁੱਕੀ ਹੈ। ਹਾਲ ਹੀ ਵਿੱਚ ਕੋਰੋਨਾ ਵਨਾਇਰਸ ਕਾਰਨ ਸ੍ਰੀਨਗਰ ਵਿੱਚ 1 ਦੀ ਮੌਤ ਹੋ ਗਈ ਹੈ। ਇਸੇ ਨੂੰ ਵੇਖਦਿਆਂ ਦੇਸ਼ ਭਰ ਵਿੱਚ 21 ਦਿਨਾਂ ਲਈ ਤਾਲਾਬੰਦੀ ਕੀਤੀ ਗਈ ਹੈ।
ਸਿਹਤ ਮੰਤਰਾਲੇ ਦੀ ਵੈਬਸਾਈਟ ਮੁਤਾਬਕ 25 ਮਾਰਚ ਨੂੰ ਸ਼ਾਮ 6:45 ਵਜੇ ਤੱਕ ਭਾਰਤ ਵਿੱਚ ਕੋਵਿਡ-19 ਦੇ ਕੁੱਲ 606 ਮਾਮਲੇ ਸਾਹਮਣੇ ਆਏ ਹਨ ਅਤੇ 10 ਦੀ ਮੌਤ ਹੋ ਗਈ ਹੈ।
ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਉੱਥੇ ਕੋਰੋਨਾ ਵਾਇਰਸ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 128 ਹੋ ਹਈ ਹੈ। ਦੂਜੇ ਨੰਬਰ ਉੱਤੇ ਕੇਰਲ ਹੈ ਜਿੱਥੇ ਕੋਰੋਨਾ ਦੇ 109 ਮਾਮਲੇ ਸਾਹਮਣੇ ਆਏ ਹਨ।
ਪੰਜਾਬ ਵਿੱਚ ਕੋਰੋਨਾ ਵਾਇਰਸ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ਹੁਣ ਵਧ ਕੇ 31 ਹੋ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲੇ ਨਵਾਂ ਸ਼ਹਿਰ ਦੇ ਹਨ। ਪੰਜਾਬ ਵਿੱਚ 22 ਵਿਅਕਤੀ ਸਿਰਫ਼ ਇੱਕੋ ਵਿਅਕਤੀ ਦੇ ਸੰਪਰਕ ਵਿੱਚ ਆਉਣ ਕਾਰਨ ਬੀਮਾਰ ਹੋਏ ਹਨ। ਉਹ ਵਿਅਕਤੀ ਜਰਮਨੀ ਤੋਂ ਪਰਤਿਆ ਸੀ।