ਧਨਬਾਦ: ਕੋਰੋਨਾ ਦਾ ਕਹਿਰ ਲਗਾਤਾਰ ਦੇਸ਼ 'ਚ ਜਾਰੀ ਹੈ। ਇਸ ਕਹਿਰ ਨੇ ਧਨਬਾਦ ਦੇ ਕਟਾਰਸ ਵਿੱਚ ਇੱਕ ਪਰਿਵਾਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਪਰਿਵਾਰ ਦੇ 6 ਮੈਂਬਰਾਂ ਦੀ ਕੋਰੋਨਾ ਮਹਾਂਮਾਰੀ ਕਾਰਨ ਮੌਤ ਹੋ ਗਈ ਹੈ।
ਦਰਅਸਲ, ਇੱਕ ਬਜ਼ੁਰਗ ਔਰਤ ਆਪਣੇ ਪੋਤੇ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ 27 ਜੂਨ ਨੂੰ ਧਨਬਾਦ ਦੇ ਕਟਾਰਸ ਤੋਂ ਦਿੱਲੀ ਗਈ ਸੀ। ਔਰਤ 90 ਸਾਲਾਂ ਦੀ ਸੀ। ਇਥੇ ਉਸ ਦੀ ਸਿਹਤ ਖ਼ਰਾਬ ਹੋਣ ਲੱਗੀ। ਇਸ ਤੋਂ ਬਾਅਦ ਉਸ ਦਾ ਕੋਰੋਨਾ ਲਈ ਟੈਸਟ ਕੀਤਾ ਗਿਆ ਜੋ ਪੌਜ਼ੀਟਿਵ ਨਿਕਲਿਆ।
ਮਹਿਲਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਪਰ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਪੁੱਤਰਾਂ ਨੇ ਆਪਣੀ ਮਾਂ ਦੀ ਅਰਥੀ ਨੂੰ ਮੋਢਾ ਦਿੱਤਾ। ਇਸ ਤੋਂ ਬਾਅਦ ਉਸ ਮਹਿਲਾ ਦੇ 2 ਪੁੱਤਰ ਕੋਰੋਨਾ ਪੌਜ਼ੀਟਿਵ ਪਾਏ ਗਏ। ਜਿਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਤੋਂ ਬਾਅਦ ਕੁਝ ਦਿਨਾਂ ਮਗਰੋਂ ਮਹਿਲਾ ਦੇ 2 ਹੋਰ ਪੁੱਤਰਾਂ 'ਚ ਕੋਰੋਨਾ ਦੇ ਲੱਛਣ ਵੇਖਣ ਨੂੰ ਮਿਲੇ ਤੇ ਇਲਾਜ ਤੋਂ ਬਾਅਦ ਵੀ ਉਨ੍ਹਾਂ ਦੀ ਮੌਤ ਹੋ ਗਈ। ਕੋਰੋਨਾ ਪੌਜ਼ੀਟਿਵ ਪੰਜਵੇ ਪੁੱਤਰ ਨੇ ਵੀ ਸੋਮਵਾਰ ਨੂੰ ਰਿਮਸ ਰਾਂਚੀ 'ਚ ਆਖ਼ਿਰੀ ਸਾਹ ਲਏ।
ਇਸ ਤਰ੍ਹਾਂ ਸਿਰਫ਼ 16 ਦਿਨਾਂ ਦੇ ਅੰਦਰ ਕੋਰੋਨਾ ਮਹਾਂਮਾਰੀ ਕਾਰਨ ਇਕੋ ਪਰਿਵਾਰ ਦੇ 6 ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ। ਪਰਿਵਾਰ ਦੀ ਸਭ ਤੋਂ ਵੱਡੀ ਗਲਤੀ ਇਹ ਸੀ ਕਿ ਉਨ੍ਹਾਂ ਨੇ ਮਾਂ ਦਾ ਅੰਤਮ ਸਸਕਾਰ ਆਈਸੀਐਮਆਰ ਵੱਲੋ ਜਾਰੀ ਦਿਸ਼ਾ ਨਿਰਦੇਸ਼ਾਂ ਮੁਤਾਬਕ ਨਹੀਂ ਕੀਤਾ, ਜਿਸ ਨਾਲ ਇਹ ਲਾਗ ਹੋਰ ਲੋਕਾਂ ਵਿੱਚ ਫੈਲ ਗਈ।