ਬੈਂਕਾਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਥਾਈਲੈਂਡ ਦੇ 2 ਦਿਨਾਂ ਦੌਰੇ ’ਤੇ ਬੈਂਕਾਕ ਪੁੱਜੇ ਜਿਥੇ ਪੀਐਮ ਮੋਦੀ ਨੇ 'ਸਵਾਸਦੀ ਮੋਦੀ' ਸਮਾਗਮ ਵਿੱਚ ਕਈ ਹਜ਼ਾਰਾਂ ਗਿਣਤੀ 'ਚ ਪੁੱਜੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਮੌਕੇ ਪੀਐਮ ਮੋਦੀ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ।
ਪੀਐੱਮ ਮੋਦੀ ਨੇ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਸਰਕਾਰ 550ਵੇਂ ਪ੍ਰਕਾਸ਼ ਪੁਰਬ ਦੇ ਪਵਿੱਤਰ ਦਿਹਾੜੇ ਮੌਕੇ ਵਿਸ਼ਵ ਭਰ 'ਚ ਪ੍ਰੋਗਰਾਮ ਉਲੀਕੇ ਜਾ ਰਹੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਚਾਰ ਸਮੁੱਚੀ ਮਨੁੱਖਤਾ ਦੀ ਵਿਰਾਸਤ ਹਨ। ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਆਪਣੀ ਵਿਰਾਸਤ ਦਾ ਲਾਭ ਪੂਰੀ ਦੁਨੀਆ ਨੂੰ ਦੇਈਏ।
ਪੀਐਮ ਮੋਦੀ ਨੇ ਅੱਗੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 500ਵਾਂ ਪ੍ਰਕਾਸ਼ ਪੁਰਬ ਇੱਥੇ ਬੈਂਕਾਕ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਗਿਆ ਸੀ। ਮੈਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦਾ 550ਵਾਂ ਪ੍ਰਕਾਸ਼ ਪੁਰਬ ਦਿਹਾੜਾ ਵੀ ਇੱਥੇ ਸ਼ਾਨਦਾਰ ਢੰਗ ਨਾਲ ਮਨਾਇਆ ਜਾਵੇਗਾ। ਇੱਥੇ ਸਿੱਖ ਭਾਈਚਾਰੇ ਨੇ ਫਿਤਸਾਨੂਲੋਕ ਜਾਂ ਵਿਸ਼ਨੂਲੋਕ ਵਿੱਚ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਗਾਰਡਨ ਬਣਾਇਆ ਹੈ, ਉਹ ਸ਼ਲਾਘਾਯੋਗ ਉਪਰਾਲਾ ਹੈ।
ਮੋਦੀ ਨੇ ਸਮਾਗਮ 'ਚ ਮੌਜੂਦ ਭਾਰਤੀਆਂ ਨੂੰ ਕਿਹਾ ਕਿ ਤੁਹਾਨੂੰ ਇਹ ਵੀ ਪਤਾ ਹੀ ਹੋਵੇਗਾ ਕਿ ਕੁਝ ਦਿਨਾਂ ਬਾਅਦ ਕਰਤਾਰਪੁਰ ਸਾਹਿਬ ਤੋਂ ਸਿੱਧਾ ਸੰਪਰਕ ਵੀ ਯਕੀਨੀ ਬਣਾਇਆ ਜਾ ਰਿਹਾ ਹੈ। 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਬਾਅਦ ਹੁਣ ਭਾਰਤ ਤੋਂ ਸ਼ਰਧਾਲੂ ਸਿੱਧੇ ਕਰਤਾਰਪੁਰ ਸਾਹਿਬ ਜਾ ਸਕਣਗੇ।