ਨਵੀਂ ਦਿੱਲੀ: ਅਯੁੱਧਿਆ ਵਿਵਾਦ ਮਾਮਲੇ 'ਤੇ ਸੁਪਰੀਮ ਕੋਰਟ ਨੇ ਅੱਜ ਆਪਣਾ ਫੈਸਲਾ ਸੁਣਾ ਦਿੱਤਾ ਹੈ। ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਹੈ ਕਿ ਕੇਂਦਰ ਸਰਕਾਰ 3-4 ਮਹੀਨਿਆਂ ਦੇ ਅੰਦਰ-ਅੰਦਰ ਟਰੱਸਟ ਸਥਾਪਤ ਕਰਨ ਲਈ ਯੋਜਨਾ ਬਣਾਏ ਅਤੇ ਵਿਵਾਦਿਤ ਜਗ੍ਹਾ ਨੂੰ ਇਸ ਜਗ੍ਹਾ 'ਤੇ ਮੰਦਰ ਦੀ ਉਸਾਰੀ ਲਈ ਸੌਂਪੇਗੀ ਅਤੇ ਅਯੁੱਧਿਆ ਵਿਖੇ 5 ਏਕੜ ਰਕਬੇ ਦੀ ਜ਼ਮੀਨ ਦਾ ਵੈਕਲਪਿਕ ਪਲਾਟ ਸੁੰਨੀ ਨੂੰ ਦਿੱਤਾ ਜਾਵੇ। ਪੰਜ ਜੱਜਾਂ ਦੇ ਬੈਂਚ ਚੀਫ਼ ਜਸਟਿਸ ਰੰਜਨ ਗੋਗੋਈ, ਜਸਟਿਸ ਸ਼ਰਦ ਅਰਵਿੰਦ ਬੋਬੜੇ, ਜਸਟਿਸ ਅਸ਼ੋਕ ਭੂਸ਼ਣ, ਜਸਟਿਸ ਧਨੰਜਯ ਯਸ਼ਵੰਤ ਚੰਦਰਚੁਡ, ਜਸਟਿਸ ਐਸ ਅਬਦੁੱਲ ਨਜ਼ੀਰ ਨੇ ਇਹ ਇਤਿਹਾਸਕ ਫੈਸਲਾ ਸੁਣਾਇਆ ਹੈ। ਜਾਣੋਂ ਉਨ੍ਹਾਂ ਜੱਜਾਂ ਬਾਰੇ ਜਿਨ੍ਹਾਂ ਨੇ ਇਹ ਫੈਸਲਾ ਸੁਣਾਇਆ...
ਚੀਫ਼ ਜਸਟਿਸ ਰੰਜਨ ਗੋਗੋਈ
ਚੀਫ਼ ਜਸਟਿਸ ਰੰਜਨ ਗੋਗੋਈ ਇਸ ਬੈਂਚ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਨੇ 3 ਅਕਤੂਬਰ 2018 ਨੂੰ ਬਤੌਰ ਚੀਫ ਜਸਟਿਸ ਦਾ ਅਹੁਦਾ ਸੰਭਾਲਿਆ ਸੀ। 18 ਨਵੰਬਰ 1954 ਨੂੰ ਜਨਮੇ ਜਸਟਿਸ ਰੰਜਨ ਗੋਗੋਈ 1978 ਵਿੱਚ ਬਾਰ ਕੌਂਸਲ ਵਿੱਚ ਸ਼ਾਮਲ ਹੋਏ ਸਨ। 2001 ਵਿੱਚ ਗੋਗੋਈ ਗੁਵਾਹਾਟੀ ਹਾਈ ਕੋਰਟ ਵਿੱਚ ਜੱਜ ਵੀ ਰਹੇ। ਇਸ ਤੋਂ ਬਾਅਦ ਗੋਗੋਈ 2010 ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਜੱਜ ਵਜੋਂ ਨਿਯੁਕਤ ਕੀਤੇ ਗਏ ਸਨ, 2011 ਵਿੱਚ ਉਹ ਪੰਜਾਬ-ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਬਣੇ।
ਜਸਟਿਸ ਸ਼ਰਦ ਅਰਵਿੰਦ ਬੋਬੜੇ
ਇਸ ਬੈਂਚ ਵਿੱਚ ਦੂਜੇ ਜੱਜ ਜਸਟਿਸ ਸ਼ਰਦ ਅਰਵਿੰਦ ਬੋਬੜੇ ਹਨ, 1978 ਵਿੱਚ ਉਹ ਮਹਾਰਾਸ਼ਟਰ ਦੀ ਬਾਰ ਕੌਂਸਲ ਵਿੱਚ ਸ਼ਾਮਲ ਹੋਏ ਸਨ। ਉਨ੍ਹਾਂ ਨਾਗਪੁਰ ਯੂਨੀਵਰਸਿਟੀ ਤੋਂ ਬੀਏ ਤੇ ਐੱਲਐੱਲਬੀ ਕੀਤੀ ਸੀ। 12 ਅਪ੍ਰੈਲ, 2013 ਨੂੰ ਉਹ ਸੁਪਰੀਮ ਕੋਰਟ ਦੇ ਜੱਜ ਬਣੇ ਸਨ।
ਜਸਟਿਸ ਐੱਸ ਅਬਦੁਲ ਨਜ਼ੀਰ
ਮੁਡੇਬਿਦਰੀ ਦੇ ਮਹਾਵੀਰ ਕਾਲਜ 'ਚ ਬੀ.ਕਾੱਮ ਦੀ ਡਿਗਰੀ ਲੈਣ ਮਗਰੋਂ ਜਸਟਿਸ ਐੱਸ ਅਬਦੁਲ ਨਜ਼ੀਰ ਨੇ ਐੱਸਡੀਐੱਮ ਲਾੱਅ ਕਾਲਜ, ਕੋਡੀਆਲਬੇਲ ਮੈਂਗਲੁਰੂ ਤੋਂ ਵਕਾਲਤ ਪਾਸ ਕੀਤੀ ਸੀ। ਮਈ 2003 'ਚ ਅਬਦੁਲ ਨਜ਼ੀਰ ਕਰਨਾਟਕ ਹਾਈ ਕੋਰਟ ਦੇ ਇੱਕ ਐਡੀਸ਼ਨਲ ਜੱਜ ਬਣੇ ਸਨ ਤੇ ਫਿਰ ਉੱਥੇ ਹੀ ਪੱਕੇ ਜੱਜ ਬਣੇ। ਫ਼ਰਵਰੀ 2017 'ਚ ਉਨ੍ਹਾਂ ਨੂੰ ਸੁਪਰੀਮ ਕੋਰਟ ਦਾ ਜੱਜ ਬਣਾਇਆ ਗਿਆ ਸੀ।
ਜਸਟਿਸ ਧਨੰਜੇ ਯਸ਼ਵੰਤ ਚੰਦਰਚੂੜ
1998 ਜੂਨ 'ਚ ਜਸਟਿਸ ਧਨੰਜੇ ਯਸ਼ਵੰਤ ਚੰਦਰਚੂੜ ਐਡੀਸ਼ਨਲ ਸਾਲਿਸਿਟਰ ਜਨਰਲ ਬਣੇ ਸਨ। 29 ਮਾਰਚ, 2000 ਨੂੰ ਉਹ ਬੰਬਈ ਹਾਈ ਕੋਰਟ ਦੇ ਜੱਜ ਬਣੇ ਸਨ। 13 ਮਈ, 2016 ਨੂੰ ਉਹ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਹੋਏ ਸਨ। ਉਨ੍ਹਾਂ ਦਿੱਲੀ ਦੇ ਸੇਂਟ ਸਟੀਫ਼ਨਜ਼ ਕਾਲਜ ਤੋਂ ਬੀਏ ਕੀਤੀ ਸੀ ਤੇ ਦਿੱਲੀ ਯੂਨੀਵਰਸਿਟੀ ਤੋਂ ਐਲਐਲਬੀ ਕੀਤੀ।
ਜਸਟਿਸ ਅਸ਼ੋਕ ਭੂਸ਼ਣ
ਜਸਟਿਸ ਅਸ਼ੋਕ ਭੂਸ਼ਣ ਨੇ1975 'ਚ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਅਲਾਹਾਬਾਦ ਯੂਨੀਵਰਸਿਟੀ ਤੋਂ 1979 ਵਿੱਚ ਵਕਾਲਤ ਪਾਸ ਕੀਤੀ ਸੀ। 24 ਅਪ੍ਰੈਲ, 2001 ਨੂੰ ਉਹ ਅਲਾਹਾਬਾਦ ਹਾਈ ਕੋਰਟ ਦੇ ਪੱਕੇ ਜੱਜ ਬਣੇ ਸਨ। 13 ਮਈ, 2016 ਨੂੰ ਉਹ ਸੁਪਰੀਮ ਕੋਰਟ ਦੇ ਜਸਟਿਸ ਬਣੇ ਸਨ।