ਨਵੀਂ ਦਿੱਲੀ: ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ ਵਧ ਚੁੱਕੀ ਹੈ। ਦਰਅਸਲ ਚਾਰ ਨਵੇਂ ਜੱਜਾਂ ਨੇ ਸੋਮਵਾਰ ਨੂੰ ਅਦਾਲਤ ਵਿੱਚ ਸਹੁੰ ਚੁੱਕੀ ਹੈ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਵਿੱਚ ਚਾਰ ਨਵੇਂ ਜੱਜਾਂ ਦੀ ਨਿਯੁਕਤੀ ਨਾਲ ਅਦਾਲਤ ਵਿੱਚ ਜੱਜਾਂ ਦੀ ਗਿਣਤੀ 34 ਹੋ ਗਈ ਹੈ।
ਜ਼ਿਕਰਯੋਗ ਹੈ ਕਿ ਚੀਫ਼ ਜਸਟਿਸ ਰੰਜਨ ਗੋਗੋਈ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਕ੍ਰਿਸ਼ਨ ਮੁਰਾਰੀ, ਕੇਰਲ ਦੇ ਚੀਫ ਜਸਟਿਸ ਹਰਸ਼ਿਕਸ਼ ਰਾਏ, ਹਿਮਾਚਲ ਪ੍ਰਦੇਸ਼ ਦੇ ਚੀਫ ਜਸਟਿਸ ਰਾਮਸੁਬ੍ਰਹ੍ਣਯਮ, ਰਾਜਸਥਾਨ ਦੇ ਚੀਫ ਜਸਟਿਸ ਐਸ.ਏ. ਰਵਿੰਦਰ ਭੱਟ ਨੂੰ ਸਹੁੰ ਚੁਕਾਈ।
2 ਨਵੇਂ ਕੋਰਟ ਰੂਮ ਤਿਆਰ
ਨਵੇਂ ਜੱਜਾਂ ਦੀ ਨਿਯੁਕਤੀ ਤੋਂ ਬਾਅਦ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕੇਸਾਂ ਦੀ ਸੁਣਵਾਈ ਲਈ ਉਨ੍ਹਾਂ 2 ਵਾਧੂ ਕੋਰਟ ਰੂਮ ਸਥਾਪਤ ਕੀਤੇ ਹਨ। ਅਦਾਲਤ ਨੇ ਇੱਕ ਸਰਕੂਲਰ 'ਚ ਕਿਹਾ, 'ਇਹ (ਸਰਕੂਲਰ) ਸਾਰੇ ਸਬੰਧਤ ਲੋਕਾਂ ਨੂੰ ਇਹ ਸੂਚਿਤ ਕਰਨ ਲਈ ਵੰਡਿਆ ਜਾਂਦਾ ਹੈ ਕਿ ਮੌਜੂਦਾ ਕੋਰਟ ਰੂਮ -10 ਦੇ ਨੇੜੇ 2 ਵਾਧੂ ਕੋਰਟ ਰੂਮ ਬਣਾਏ ਗਏ ਹਨ, ਜਿਨ੍ਹਾਂ ਦੇ (ਨਵੇਂ ਕੋਰਟ ਰੂਮ) ਨੰਬਰ 16 ਅਤੇ 17 ਰੱਖਿਆ ਗਿਆ ਹੈ।
ਸਭ ਤੋਂ ਵੱਧ ਗਿਣਤੀ
ਸਰਕਾਰ ਨੇ ਬੁੱਧਵਾਰ ਨੂੰ ਚਾਰ ਨਵੇਂ ਜੱਜ ਨਿਯੁਕਤ ਕੀਤੇ। ਇਸ ਦੇ ਨਾਲ ਹੀ ਸੁਪਰੀਮ ਕੋਰਟ ਵਿੱਚ ਜੱਜਾਂ ਦੀ ਗਿਣਤੀ 34 ਹੋ ਗਈ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਗਿਣਤੀ ਹੈ।
ਚਾਰ ਜੱਜਾਂ ਦੇ ਨਾਮ ਦੀ ਸਿਫਾਰਸ਼ ਕੀਤੀ ਗਈ ਸੀ
ਸੁਪਰੀਮ ਕੋਰਟ ਦੇ ਕਾਲਜੀਅਮ ਨੇ ਪਿਛਲੇ ਮਹੀਨੇ ਸਰਕਾਰ ਨੂੰ 4 ਨਵੇਂ ਜੱਜਾਂ ਦੇ ਨਾਵਾਂ ਦੀ ਸਿਫ਼ਾਰਸ਼ ਕੀਤੀ ਸੀ। ਦੱਸਣਯੋਗ ਹੈ ਕਿ ਜਸਟਿਸ ਰਾਮਸੂਬ੍ਰਹ੍ਮਣਯਮ ਅਤੇ ਜਸਟਿਸ ਮੁਰਾਰੀ ਕ੍ਰਮਵਾਰ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਹਾਈ ਕੋਰਟਾਂ ਦੇ ਚੀਫ ਜਸਟਿਸ ਸਨ। ਇਸ ਦੇ ਨਾਲ ਜਸਟਿਸ ਭੱਟ ਅਤੇ ਜਸਟਿਸ ਰਾਏ ਲੜੀਵਾਰ ਰਾਜਸਥਾਨ ਅਤੇ ਕੇਰਲ ਹਾਈ ਕੋਰਟ ਦੇ ਚੀਫ ਜਸਟਿਸ ਸਨ।