ਸ੍ਰੀਨਗਰ: ਸੰਸਦ 'ਤੇ ਹਮਲਾ ਕਰਨ ਦੇ ਦੋਸ਼ 'ਚ ਅੱਤਵਾਦੀ ਅਫਜ਼ਲ ਗੁਰੂ ਨੂੰ ਅੱਜ ਦੇ ਦਿਨ ਹੀ ਫਾਂਸੀ ਦਿੱਤੀ ਗਈ ਸੀ। ਇਸ ਤਰੀਕ ਨੂੰ ਲੈ ਕੇ ਜੰਮੂ-ਕਸ਼ਮੀਰ 'ਚ ਅਸ਼ਾਂਤੀ ਫੈਲਣ ਦੇ ਖ਼ਦਸ਼ੇ ਕਾਰਨ ਪ੍ਰਸ਼ਾਸਨ ਵੱਲੋਂ 2ਜੀ ਮੋਬਾਈਲ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ।
ਜਾਣਕਾਰੀ ਮੁਤਾਬਕ ਆਲ ਪਾਰਟੀ ਹੁਰੀਅਤ ਕਾਨਫ਼ਰੰਸ ਨੇ ਅਫਜ਼ਲ ਗੁਰੂ ਦੀ ਬਰਸੀ ਮੌਕੇ ਕਸ਼ਮੀਰ ਵਿੱਚ ਬੰਦ ਦੀ ਮੰਗ ਕੀਤੀ ਹੈ। ਇਸ ਦੇ ਮੱਦੇਨਜ਼ਰ, ਇੰਟਰਨੈਟ ਸੇਵਾ 'ਤੇ ਨਵੀਂ ਪਾਬੰਦੀ ਲਗਾਈ ਗਈ ਹੈ। ਇਸ ਬਾਰੇ ਅਧਿਕਾਰੀਆਂ ਨੇ ਕਿਹਾ ਕਿ ਸ੍ਰੀਨਗਰ ਦੇ ਕੁਝ ਹਿੱਸਿਆਂ 'ਚ ਹਲਕੀਆਂ ਪਾਬੰਦੀਆਂ ਲਾਈਆਂ ਗਈਆਂ ਹਨ।
ਦੱਸਣਯੋਗ ਹੈ ਕਿ ਪਿਛਲੇ ਮਹੀਨੇ ਹੀ ਸਰਕਾਰ ਵੱਲੋਂ ਕਸ਼ਮੀਰ 'ਚ 2ਜੀ ਮੋਬਾਈਲ ਇੰਟਰਨੈਟ ਸੇਵਾ ਬਹਾਲ ਕੀਤੀ ਗਈ ਸੀ। ਇਕ ਹੋਰ ਘਟਨਾ 'ਚ ਜੰਮੂ ਕਸ਼ਮੀਰ ਪੁਲਿਸ ਨੇ ਪਾਬੰਦੀਸ਼ੁਦਾ ਸੰਗਠਨ ਜੰਮੂ ਕਸ਼ਮੀਰ ਲਿਬਰੇਸ਼ਨ ਫਰੰਟ (ਜੇਕੇਐਲਐਫ) ਦੀਆਂ ਗਤੀਵਿਧੀਆਂ ਵਿਰੁੱਧ ਨੋਟਿਸ ਲਿਆ ਹੈ।
ਸ਼ਨੀਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਜੰਮੂ-ਕਸ਼ਮੀਰ ਪੁਲਿਸ ਨੇ ਕਿਹਾ ਕਿ ਜੇਕੇਐਲਐਫ ਕਸ਼ਮੀਰ ਘਾਟੀ ਵਿੱਚ ਹਿੰਸਾ ਅਤੇ ਅਮਨ-ਕਾਨੂੰਨ ਦੀ ਸਥਿਤੀ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਿਆਨ 'ਚ ਇਹ ਵੀ ਕਿਹਾ ਗਿਆ ਕਿ ਅਜਿਹੀ ਗੈਰ ਕਾਨੂੰਨੀ ਪ੍ਰਤੀਕੀਰਿਆਵਾਂ ਕਾਰਨ ਸੂਬੇ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਤੇ ਹਿੰਸਾ ਨੂੰ ਹੁੰਗਾਰਾ ਮਿਲੇਗਾ।
ਜੰਮੂ ਕਸ਼ਮੀਰ ਪੁਲਿਸ ਨੇ ਦੱਸਿਆ ਕਿ ਸ੍ਰੀਨਗਰ ਪੁਲਿਸ ਨੇ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਥਾਣਾ ਕੋਠੀਬਾਗ ਵਿਖੇ ਕੇਸ ਨੰਬਰ 11/2020 ਦਰਜ ਕੀਤਾ ਹੈ। ਬਿਆਨ 'ਚ ਦੱਸਿਆ ਗਿਆ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ।