ਨਵੀਂ ਦਿੱਲੀ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੇ ਮੈਂਬਰਸ਼ਿਪ ਅਭਿਆਨ ਤਹਿਤ ਤਕਰੀਬਨ 62 ਲੱਖ ਨਵੇਂ ਮੈਂਬਰ ਬਣਾਏ ਸਨ। ਇਨ੍ਹਾਂ ਚੋਂ 27 ਲੱਖ ਭਾਜਪਾ ਮੈਂਬਰਾਂ ਨੇ ਵੋਟ ਨਹੀਂ ਪਾਈ, ਜਿਸ ਕਾਰਨ ਭਾਜਪਾ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਜਿਥੇ ਇੱਕ ਪਾਸੇ ਵਿਧਾਨ ਸਭਾ ਚੋਣਾਂ ਦੌਰਾਨ ਲੋੜੀਂਦਾ ਬਹੁਮਤ ਨਾ ਮਿਲਣ 'ਤੇ ਭਾਜਪਾ ਵੱਲੋਂ ਕੇਜਰੀਵਾਲ ਸਰਕਾਰ ਦੀ ਮੁਫ਼ਤ ਯੋਜਨਾਵਾਂ ਨੂੰ ਜ਼ਿੰਮੇਵਾਰ ਠਹਿਰਾ ਰਹੀ ਹੈ। ਉੱਥੇ ਹੀ ਸੋਸ਼ਲ ਮੀਡੀਆ 'ਤੇ ਭਾਜਪਾ ਸਮਰਥਕ 'ਹਿੰਦੂ ਮੱਧ ਵਰਗ' ਉੱਤੇ ਧੋਖਾ ਕੀਤੇ ਜਾਣ ਦਾ ਦੋਸ਼ ਲਗਾ ਰਹੇ ਹਨ।
ਦੱਸਣਯੋਗ ਹੈ ਕਿ ਭਾਜਪਾ ਪ੍ਰਦੇਸ਼ ਸੰਗਠਨ ਵੱਲੋਂ ਚਲਾਈ ਗਈ ਮੈਂਬਰਸ਼ਿਪ ਮੁਹਿੰਮ 'ਚ ਸ਼ਾਮਲ ਹੋਏ ਨਵੇਂ ਮੈਂਬਰਾਂ ਦੀ ਗਿਣਤੀ ਜੋ ਕਿ ਤਕਰੀਬਨ 62 ਲੱਖ ਤੱਕ ਪੁੱਜ ਗਈ ਸੀ। ਇਸ ਦੇ ਬਾਵਜੂਦ ਪਾਰਟੀ ਨੂੰ ਚੋਣਾਂ ਦੇ ਦੌਰਾਨ ਮਹਿਜ਼ 35 ਲੱਖ ਵੋਟਾਂ ਹੀ ਪ੍ਰਾਪਤ ਹੋਇਆਂ। ਅੰਕੜਿਆਂ ਮੁਤਾਬਕ ਪ੍ਰਾਪਤ ਵੋਟਾਂ ਤੇ ਪਾਰਟੀ ਮੈਂਬਰਾਂ ਦੀ ਗਿਣਤੀ 'ਚ 27 ਲੱਖ ਦਾ ਅੰਤਰ ਹੈ। ਜਦਕਿ ਆਮ ਆਦਮੀ ਪਾਰਟੀ ਨੂੰ ਭਾਜਪਾ ਨਾਲੋਂ ਸਿਰਫ 14 ਲੱਖ ਵਧੇਰੇ ਵੋਟਾਂ ਮਿਲੀਆਂ ਹਨ।
ਵੋਟਾਂ ਨਾ ਮਿਲਣ ਕਾਰਨ ਪਛਤਾ ਰਹੇ ਨਵੇਂ ਵਿਧਾਇਕ
ਭਾਜਪਾ ਨੂੰ ਦਿੱਲੀ 'ਚ ਪਾਰਟੀ ਵਰਕਰਾਂ ਦਾ ਹੀ ਵੋਟ ਨਹੀਂ ਮਿਲ ਸਕਿਆ। ਜਿਸ ਕਾਰਨ ਨਵੇਂ ਚੁਣੇ ਗਏ ਵਿਧਾਇਕ ਨੂੰ ਪਛਤਾਵਾ ਹੈ। ਪੂਰਬੀ-ਦਿੱਲੀ ਤੋਂ ਵਿਧਾਇਕ ਚੁਣੇ ਗਏ ਅਜੈ ਮਹਾਵਰ ਨੇ ਕਿਹਾ ਕਿ ਉਮੀਦ ਦੇ ਮੁਤਾਬਕ ਜਿੱਤ ਹਾਸਲ ਨਾ ਹੋਣ ਤੋਂ ਉਹ ਬੇਹਦ ਦੁਖੀ ਹਨ। ਉਨ੍ਹਾਂ ਆਖਿਆ ਕਿ ਜਨਤਾ ਨੇ ਉਨ੍ਹਾਂ ਦੀ ਵਿਰੋਧੀ ਧਿਰ ਵਜੋਂ ਚੋਣ ਕੀਤੀ ਹੈ, ਉਹ ਸਰਕਾਰ 'ਚ ਸਕਾਰਾਤਮਕ ਵਿਰੋਧੀ ਧਿਰ ਵਜੋਂ ਭੂਮਿਕਾ ਅਦਾ ਕਰਨਗੇ। ਉਨ੍ਹਾਂ ਕਿਹਾ ਕਿ ਉਹ ਕੇਜਰੀਵਾਲ ਤੋਂ ਵੀ ਉਮੀਦ ਕਰਦੇ ਹਨ ਕਿ ਸਰਕਾਰ ਵਿਰੋਧੀ ਧਿਰ ਨੂੰ ਕਮਜ਼ੋਰ ਨਹੀਂ ਕਰੇਗੀ।
ਵਿਸ਼ਵ ਦੀ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਹੋਣ ਦਾ ਦਾਅਵਾ
ਸਮੇਂ-ਸਮੇਂ 'ਤੇ ਵੱਡੇ ਪੱਧਰ ‘ਤੇ ਮੈਂਬਰਸ਼ਿਪ ਮੁਹਿੰਮ ਚਲਾਉਣ ਵਾਲੀ ਭਾਜਪਾ ਵਿਸ਼ਵ ਦੇ ਸਭ ਤੋਂ ਵੱਡੇ ਰਾਜਨੀਤਿਕ ਸੰਗਠਨ ਹੋਣ ਦਾ ਦਾਅਵਾ ਕਰਦੀ ਹੈ। ਸਾਲ 2014 'ਚ ਕੇਂਦਰ ਦੀ ਸੱਤਾ ਹਾਸਲ ਕਰਨ ਤੋਂ ਬਾਅਦ ਭਾਜਪਾ ਨੇ ਆਪਣੇ ਕੈਡਰ ਨੂੰ ਮਜ਼ਬੂਤ ਕਰਨ 'ਤੇ ਖ਼ਾਸ ਜ਼ੋਰ ਦਿੱਤਾ ਹੈ। ਆਧੁਨਿਕ ਤਕਨੀਕਾਂ ਦੀ ਵਰਤੋਂ ਮਾਧਿਅਮ ਨਾਲ ਜੁੜੇ ਲੋਕਾਂ ਨੂੰ ਵੱਡੇ ਪੱਧਰ 'ਤੇ ਪਾਰਟੀ ਨਾਲ ਜੋੜਿਆ ਗਿਆ ਹੈ।
2019 ਦੀਆਂ ਲੋਕ ਸਭਾ ਚੋਣ ਤੋਂ ਬਾਅਦ ਭਾਜਪਾ ਨੇ ਦਿੱਲੀ 'ਚ ਮੈਂਬਰਸ਼ਿਪ ਮੁਹਿੰਮ ਦੌਰਾਨ ਮੈਂਬਰਾਂ ਦੀ ਗਿਣਤੀ 62 ਲੱਖ ਪਾਰ ਹੋਣ ਦਾ ਦਾਅਵਾ ਕੀਤਾ ਸੀ, ਪਰ ਪਾਰਟੀ ਨੂੰ ਮਹਿਜ਼ 35 ਲੱਖ ਵੋਟਾਂ ਹੀ ਮਿਲੀਆਂ। ਇਸ ਦਾ ਸਿੱਟਾ ਇਹ ਹੈ ਕਿ ਭਾਜਪਾ ਦੇ 27 ਲੱਖ ਮੈਂਬਰ ਆਪਣੀ ਪਾਰਟੀ ਸਮਰਥਨ ਨਹੀਂ ਕਰਦੇ।