ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਕਾਰਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਸੱਚਖੰਡ ਵਿੱਚ 2,500 ਸ਼ਰਧਾਲੂ ਫੱਸੇ ਹੋਏ ਹਨ। ਇਨ੍ਹਾਂ ਸ਼ਰਧਾਲੂਆਂ ਵਿੱਚੋਂ ਕਈ ਪੰਜਾਬ ਤੋਂ ਹਨ। ਕੋਰੋਨਾ ਵਾਇਰਸ ਕਾਰਨ ਸਮੁੱਚੇ ਦੇਸ਼ ਵਿੱਚ ਲੌਕਡਾਊਨ ਲਾਗੂ ਹੈ ਤੇ ਕੋਈ ਵੀ ਵਾਹਨ ਨਹੀਂ ਚੱਲ ਰਿਹਾ ਹੈ, ਜਿਸ ਕਾਰਨ ਸ਼ਰਧਾਲੂ ਉੱਥੇ ਫੱਸੇ ਹੋਏ ਹਨ।
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲਨਗਰ ਸਾਹਿਬ ਗੁਰਦੁਆਰਾ ਬੋਰਡ ਦੇ ਮੈਂਬਰ ਗੁਰਮੀਤ ਸਿੰਘ ਮਹਾਜਨ ਨੇ ਮੀਡੀਆ ਨੂੰ ਦੱਸਿਆ ਕਿ 2.5 ਹਜ਼ਾਰ ਸ਼ਰਧਾਲੂ ਨਾਂਦੇੜ ਵਿਖੇ ਪਿਛਲੇ 10 ਦਿਨਾਂ ਤੋਂ ਫਸੇ ਹੋਏ ਹਨ, ਜਿਨ੍ਹਾਂ 'ਚੋਂ 350 ਵਿਅਕਤੀ ਗੁਰਦੁਆਰਾ ਸਾਹਿਬ ਦੀ ਸਰਾਂ 'ਚ ਰਹਿ ਰਹੇ ਹਨ, ਜਦ ਕਿ 1,800 ਸ਼ਰਧਾਲੂ ਕਾਰ-ਸੇਵਾ ਦੁਆਰਾ ਚੱਲਣ ਵਾਲੀ ਸਰਾਂ 'ਚ ਠਹਿਰੇ ਹੋਏ ਹਨ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਭਾਵੇਂ ਸ਼ਰਧਾਲੂਆਂ ਨੂੰ ਰੋਜ਼ਮਰਾ ਦੀਆਂ ਸਾਰੀਆਂ ਵਸਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਫਿਰ ਵੀ ਸ਼ਰਧਾਲੂਆਂ ਨੂੰ ਆਪੋ-ਆਪਣੇ ਘਰਾਂ ਤੋਂ ਦੂਰ ਰਹਿਣਾ ਕੁਝ ਔਖਾ ਮਹਿਸੂਸ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਨਾਂਦੇੜ ਤੋਂ ਭਾਜਪਾ ਦੇ ਐੱਮਪੀ ਸ੍ਰੀ ਗੋਵਿੰਦਰਾਓ ਚਿਖਾਲੀਕਰ ਨੇ ਇਸ ਮਾਮਲੇ 'ਚ ਕੇਂਦਰ ਸਰਕਾਰ ਨਾਲ ਲਗਾਤਾਰ ਸੰਪਰਕ ਬਣਾ ਕੇ ਰੱਖਿਆ ਹੋਇਆ ਹੈ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ 6 ਦਿਨ ਪਹਿਲਾਂ ਨਾਂਦੇੜ ਵਿਖੇ ਫਸੇ ਹੋਏ ਹਜ਼ਾਰਾਂ ਸ਼ਰਧਾਲੂਆਂ ਦੀ ਸੁਰੱਖਿਅਤ ਵਾਪਸੀ ਦਾ ਭਰੋਸਾ ਦਿਵਾਇਆ ਸੀ ਤੇ ਹੁਣ ਕੇਂਦਰ ਸਰਕਾਰ ਦੀ ਕਿਸੇ ਸੂਚਨਾ ਦੀ ਉਡੀਕ ਕੀਤੀ ਜਾ ਰਹੀ ਹੈ।
ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਐੱਮਪੀ ਸ੍ਰੀ ਜਸਬੀਰ ਸਿੰਘ ਡਿੰਪਾ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਬੇਨਤੀ ਕੀਤੀ ਕਿ ਨਾਂਦੇੜ ਵਿਖੇ ਫੱਸੇ ਸ਼ਰਧਾਲੂਆਂ ਨੂੰ ਇੱਕ ਖਾਸ ਰੇਲ-ਗੱਡੀ ਰਾਹੀਂ ਵਾਪਸ ਪੰਜਾਬ ਭੇਜਿਆ ਜਾਵੇ।