ਸ੍ਰੀਨਗਰ: ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਖੇਤਰ 'ਚ ਮੰਗਲਵਾਰ ਨੂੰ ਸੁਰੱਖਿਆ ਬਲਾਂ ਨਾਲ ਮੁਕਾਬਲੇ 'ਚ ਜੈਸ਼-ਏ-ਮੁਹੰਮਦ ਦੇ ਦੋ ਸਥਾਨਕ ਅੱਤਵਾਦੀ ਮਾਰੇ ਗਏ।
ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਇੱਕ ਖਾਸ ਖੁਫੀਆ ਜਾਣਕਾਰੀ ਦੇ ਅਧਾਰ 'ਤੇ ਅਵੰਤੀਪੋਰਾ ਪੁਲਿਸ ਦੇ ਅਧਿਕਾਰ ਖੇਤਰ ਅਧੀਨ ਪੈਂਦੇ ਤ੍ਰਾਲ ਦੇ ਸੈਮੋਹ ਵਿੱਚ ਪੁਲਿਸ, ਸੈਨਾ ਅਤੇ ਸੀਆਰਪੀਐਫ ਦੀ ਇੱਕ ਸਾਂਝੀ ਟੀਮ ਨੇ ਪੰਪੋਸ਼ ਕਲੋਨੀ ਨੂੰ ਘੇਰ ਲਿਆ।
ਜਿਵੇਂ ਹੀ ਇਹ ਘੇਰਾਬੰਦੀ ਕੀਤੀ ਜਾ ਰਹੀ ਸੀ, ਉਸ ਦੌਰਾਨ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਮੁਠਭੇੜ ਸ਼ੁਰੂ ਹੋ ਗਈ ਅਤੇ ਇਸ ਵਿੱਚ ਇੱਕ ਅੱਤਵਾਦੀ ਮਾਰਿਆ ਗਿਆ।
ਪੁਲਿਸ ਬੁਲਾਰੇ ਨੇ ਦੱਸਿਆ ਕਿ ਦੂਸਰਾ ਅੱਤਵਾਦੀ ਘਰਾਂ ਵੱਲ ਭੱਜਦਾ ਵੇਖਿਆ ਗਿਆ, ਜਿਸ ਮਗਰੋਂ ਸੁਰੱਖਿਆ ਬਲਾਂ ਨੇ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਅਤੇ ਸਾਰੇ ਨਾਗਰਿਕਾਂ ਨੂੰ ਬਾਹਰ ਕੱਢ ਲਿਆ ਗਿਆ। ਹਾਲਾਂਕਿ, ਤਲਾਸ਼ੀ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਤਦ ਸੁਰੱਖਿਆ ਬਲਾਂ ਨੇ ਉਸ ਅੱਤਵਾਦੀ ਦੀ ਭਾਲ ਲਈ ਆਪਣੀ ਤਿੱਖੀ ਕੋਸ਼ਿਸ਼ ਜਾਰੀ ਰੱਖੀ। ਇਸ ਦੌਰਾਨ ਉਨ੍ਹਾਂ ਨੂੰ 40 ਦੇ ਕਰੀਬ ਲੋਕਾਂ ਦੀ ਭੀੜ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਜੋ ਮੁਠਭੇੜ ਵਾਲੀ ਥਾਂ 'ਤੇ ਇਕੱਠੇ ਹੋਏ ਅਤੇ ਉਨ੍ਹਾਂ 'ਤੇ ਪੱਥਰ ਮਾਰਨੇ ਸ਼ੁਰੂ ਕਰ ਦਿੱਤੇ।
ਸਥਿਤੀ ਨੂੰ ਸੰਭਾਲਦਿਆਂ ਸੁਰੱਖਿਆ ਬਲਾਂ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਅਤੇ ਲਾਠੀਚਾਰਜ ਕੀਤਾ ਜਿਸ ਮਗਰੋਂ ਭੀੜ ਖਿੰਡ ਗਈ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਪਣੀ ਭਾਲ ਜਾਰੀ ਰੱਖੀ ਅਤੇ ਉਨ੍ਹਾਂ ਨੂੰ ਕਾਮਯਾਬੀ ਹਾਸਲ ਹੋਈ। ਥੋੜੇ ਸਮੇਂ ਚੱਲੀ ਮੁਠਭੇੜ ਵਿੱਚ ਦੂਸਰਾ ਅੱਤਵਾਦੀ ਵੀ ਮਾਰਿਆ ਗਿਆ।
ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਕੋਲੋਂ ਦੋ ਏਕੇ ਰਾਈਫਲਾਂ, ਦੋ ਪਿਸਤੌਲ, ਪੰਜ ਏਕੇ ਮੈਗਜ਼ੀਨ ਅਤੇ ਦੋ ਹੈਂਡ ਗ੍ਰੇਨੇਡ ਸਮੇਤ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ।