ਨਵੀਂ ਦਿੱਲੀ: ਉੱਤਰ-ਪੂਰਵੀ ਦਿੱਲੀ ਦੇ ਗੋਰਖਪੁਰ ਇਲਾਕੇ ਤੋਂ ਲਾਪਤਾ ਲੋਕਾਂ ਦੀ ਭਾਲ ਵਿੱਚ ਗੋਕਲਪੁਰੀ ਦੇ ਵੱਡੇ ਨਾਲੇ ਵਿੱਚ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਅਜਿਹੀ ਸੂਚਨਾ ਹੈ ਕਿ ਨਾਲ਼ੇ ਵਿੱਚੋਂ 2 ਲਾਸ਼ਾਂ ਬਰਾਮਦ ਹੋਈਆਂ ਹਨ।
ਅਜੇ ਕੋਈ ਵੀ ਪੁਲਿਸ ਅਧਿਕਾਰੀ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ। ਪੂਰੇ ਇਲਾਕੇ ਨੂੰ ਸੀਆਰਪੀਐਫ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਦਿੱਲੀ ਵਿੱਚ ਸੀਏਏ ਵਿਰੁੱਧ ਹੋ ਰਹੇ ਪ੍ਰਦਰਸ਼ਨ ਨੇ ਹਿੰਸਕ ਰੂਪ ਲੈ ਲਿਆ ਹੈ ਅਤੇ ਪੁਲਿਸ ਮੁਤਾਬਕ ਹੁਣ ਤੱਕ ਉਸ ਹਿੰਸਾ ਵਿੱਚ 34 ਲੋਕਾਂ ਦੀ ਮੌਤ ਹੋ ਗਈ ਹੈ।
ਦੱਸ ਦਈਏ ਕਿ ਬੀਤੇ ਦਿਨ ਵੀ ਆਈਬੀ (ਇੰਟੈਲੀਜੈਂਸ ਬਿਊਰੋ) ਦੇ ਕਰਮਚਾਰੀ ਅੰਕਿਤ ਸ਼ਰਮਾ ਦੀ ਲਾਸ਼ ਚਾਂਦਬਾਗ ਵਿਖੇ ਨਾਲੇ ਵਿੱਚੋਂ ਮਿਲੀ ਸੀ। ਉਨ੍ਹਾਂ ਦਾ ਪਥਰਾਅ ਦੌਰਾਨ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਮ੍ਰਿਤਕ ਦੇਹ ਨੂੰ ਨਾਲੇ ਵਿੱਚ ਸੁੱਟ ਦਿੱਤਾ ਗਿਆ।
ਇੰਨਾ ਹੀ ਨਹੀਂ ਐਨਆਰਸੀ ਅਤੇ ਸੀਏਏ ਦੇ ਵਿਰੋਧ ਵਿੱਚ ਦਿੱਲੀ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਇੱਕ ਹੈੱਡ ਕਾਂਸਟੇਬਲ ਦੀ ਮੌਤ ਹੋ ਗਈ ਸੀ। ਹੈੱਡ ਕਾਂਸਟੇਬਲ ਰਤਨ ਲਾਲ ਜ਼ਿਲ੍ਹਾ ਸੀਕਰੀ ਦੇ ਪਿੰਡ ਤਿਹਾਵਲੀ ਦਾ ਰਹਿਣ ਵਾਲਾ ਸੀ।