ਨਵੀਂ ਦਿੱਲੀ: 35 ਸਾਲ ਪਹਿਲਾ 1984 ਵਿੱਚ ਹੋਏ ਸਿੱਖ ਕਤਲੇਆਮ ਨੂੰ ਲੈ ਕੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਿੱਤੇ ਬਿਆਨ ਨੇ ਇਸ ਘਟਨਾ ਵਿੱਚ ਕਾਂਗਰਸ ਦੀ ਭੂਮਿਕਾ ਨੂੰ ਮੁੜ ਕਟਿਹਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਮਨਮੋਹਨ ਸਿੰਘ ਨੇ ਕਿਹਾ ਹੈ ਕਿ 1984 ਦਾ ਸਿੱਖ ਕਤਲੇਆਮ ਟਾਲ਼ਿਆ ਜਾ ਸਕਦਾ ਸੀ, ਜੇ ਉਸ ਸਮੇਂ ਇੰਦਰ ਕੁਮਾਰ ਗੁਜਰਾਲ ਵੱਲੋਂ ਦਿੱਤੀ ਸਲਾਹ ਉਦੋਂ ਸਮੇਂ–ਸਿਰ ਮੰਨ ਲਈ ਜਾਂਦੀ। ਡਾ. ਮਨਮੋਹਨ ਸਿੰਘ ਵੱਲੋਂ ਦਿੱਤੇ ਗਏ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰਾਂ ਨੇ ਕਾਂਗਰਸ 'ਤੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ।
ਡਾ. ਮਨਮੋਹਨ ਸਿੰਘ ਨੇ ਦੱਸਿਆ ਕਿ ਗੁਜਰਾਲ ਸ਼ਾਮੀਂ ਤਤਕਾਲੀ ਗ੍ਰਹਿ ਮੰਤਰੀ ਪੀ.ਵੀ. ਨਰਸਿਮਹਾ ਰਾਓ ਕੋਲ ਗਏ ਸਨ ਤੇ ਉਨ੍ਹਾਂ ਨੂੰ ਆਖਿਆ ਸੀ ਕਿ ਹਾਲਾਤ ਕਾਫ਼ੀ ਭਿਆਨਕ ਹੋ ਚੁੱਕੇ ਹਨ, ਇਸ ਲਈ ਇਹ ਜ਼ਰੂਰੀ ਹੈ ਕਿ ਹੁਣ ਛੇਤੀ ਤੋਂ ਛੇਤੀ ਫ਼ੌਜ ਸੱਦ ਲਈ ਜਾਵੇ। ਮਨਮੋਹਨ ਸਿੰਘ ਨੇ ਅੱਗੇ ਕਿਹਾ ਕਿ ਜੇ ਉਦੋਂ ਸ੍ਰੀ ਗੁਜਰਾਲ ਦੀ ਇਹ ਸਲਾਹ ਮੰਨ ਲਈ ਜਾਂਦੀ, ਤਾਂ ਸ਼ਾਇਦ 1984 ਦਾ ਕਤਲੇਆਮ ਟਾਲਿ਼ਆ ਜਾ ਸਕਦਾ ਸੀ। ਦੱਸ ਦਈਏ ਕਿ ਡਾ ਮਨਮੋਹਨ ਸਿੰਘ ਦੇ ਇਸ ਬਿਆਨ ਨੇ ਦੇਸ਼ਭਰ ਦੀ ਸਿਆਸਤ ਵਿੱਚ ਭੂਚਾਲ ਲਿਆ ਦਿੱਤਾ ਹੈ