ਨਵੀਂ ਦਿੱਲੀ: 1984 ਸਿੱਖ ਕਤਲੇਆਮ ਦੇ ਕੇਸ ਵਿਚ ਦੋਸ਼ੀ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
1984 ਸਿੱਖ ਕਤਲੇਆਮ ਦੇ ਕੇਸ ਵਿਚ ਦੋਸ਼ੀ ਸੱਜਣ ਕੁਮਾਰ ਇਸ ਵੇਲੇ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਵੱਧ ਰਹੀ ਉਮਰ ਅਤੇ ਖਰਾਬ ਸਿਹਤ ਦਾ ਹਵਾਲਾ ਦੇ ਕੇ ਜ਼ਮਾਨਤ ਮੰਗ ਰਹੇ ਸੱਜਣ ਦੀ ਅਪੀਲ ਖਾਰਜ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਮੈਡੀਕਲ ਰਿਪੋਰਟ ਅਨੁਸਾਰ ਸੱਜਣ ਕੁਮਾਰ ਨੂੰ ਹਸਪਤਾਲ ਦਾਖਲ ਹੋਣ ਦੀ ਜ਼ਰੂਰਤ ਨਹੀਂ ਹੈ।
ਮਾਰਚ ਵਿੱਚ ਹੀ ਸੱਜਣ ਕੁਮਾਰ ਨੇ ਸਿਹਤ ਦਾ ਹਵਾਲਾ ਦਿੰਦਿਆਂ ਜ਼ਮਾਨਤ ਮੰਗੀ ਸੀ। ਸੱਜਣ ਕੁਮਾਰ ਵੱਲੋਂ ਅਰਜ਼ੀ ਦਾਖਲ ਕਰਦਿਆਂ ਕਿਹਾ ਗਿਆ ਕਿ ਉਸ ਦੀ ਸਿਹਤ ਵਿਗੜ ਗਈ ਹੈ ਅਤੇ ਇਸ ਕੇਸ ਦੀ ਸੁਣਵਾਈ ਜਲਦੀ ਹੋਣੀ ਚਾਹੀਦੀ ਹੈ।
ਸੁਪਰੀਮ ਕੋਰਟ ਨੇ ਫਿਰ ਸੱਜਣ ਦੇ ਵਕੀਲ ਨੂੰ ਉਸ ਦੀ ਸਿਹਤ ਬਾਰੇ ਹਲਫੀਆ ਬਿਆਨ ਪੇਸ਼ ਕਰਨ ਲਈ ਕਿਹਾ ਸੀ। ਹਲਫੀਆ ਬਿਆਨ ਆਉਣ ਤੋਂ ਬਾਅਦ ਸੁਪਰੀਮ ਕੋਰਟ ਨੇ ਅੰਤਰਿਮ ਜ਼ਮਾਨਤ ਦੇਣ ਤੋਂ ਇਹ ਕਹਿ ਕੇ ਇਨਕਾਰ ਕਰ ਦਿੱਤਾ ਸੀ ਕਿ ਉਹ ਜੁਲਾਈ ਵਿਚ ਰੈਗੂਲਰ ਜ਼ਮਾਨਤ ਦੀ ਸੁਣਵਾਈ ਕਰੇਗੀ।