ਫਿਰੋਜ਼ਾਬਾਦ: ਜ਼ਿਲ੍ਹੇ ਦੇ ਭਦਾਨ ਖੇਤਰ 'ਚ ਬੁੱਧਵਾਰ ਦੇਰ ਰਾਤ ਆਗਰਾ-ਲਖਨਊ ਐਕਸਪ੍ਰੈਸ-ਮਾਰਗ 'ਤੇ ਬੱਸ ਤੇ ਟਰੱਕ ਦੀ ਜ਼ੋਰਦਾਰ ਟੱਕਰ ਹੋ ਗਈ। ਇਸ ਦਰਦਨਾਕ ਹਾਦਸੇ ਵਿੱਚ ਹੁਣ ਤੱਕ 16 ਮੌਤਾਂ ਹੋ ਚੁੱਕੀਆਂ ਹਨ। ਘਟਨਾ ਵਿੱਚ ਕਈ ਲੋਕ ਜਖ਼ਮੀ ਦੱਸੇ ਜਾ ਰਹੇ ਹਨ।
ਹਾਦਸੇ ਦੀ ਸੂਚਨਾ ਮਿਲਦੇ ਹੀ, ਏਡੀਜੀ ਅਜੈ ਆਨੰਦ ਨਾਲ ਆਈਜੀ ਏ ਸਤੀਸ਼ ਗਣੇਸ਼ ਮੌਕੇ 'ਤੇ ਪਹੁੰਚੇ। ਐਸਐਸਪੀ ਸਚਿੰਦਰ ਨੇ ਦੱਸਿਆ ਕਿ ਬਸ ਵਿੱਚ ਘੱਟ ਤੋਂ ਘੱਟ 40-50 ਯਾਤਰੀ ਸਨ। ਜਖ਼ਮੀਆਂ ਨੂੰ ਸੈਫਈ ਮਿਨੀ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।
ਫਿਰੋਜ਼ਾਬਾਦ ਜ਼ਿਲ੍ਹੇ ਦੀ ਸਰਹੱਦ ਵਿੱਚ ਆਗਰਾ ਲਖਨਊ ਐਕਸਪ੍ਰੈਸ ਮਾਰਗ 'ਤੇ 71 ਮਾਈਲ ਸਟੋਨ ਕੋਲ ਖ਼ਰਾਬ ਟਰੱਕ ਖੜਾ ਸੀ ਜਿਸ ਵਿੱਚ ਅਚਾਨਕ ਬੱਸ ਜਾ ਵਜੀ। ਹਾਦਸੇ ਵਿੱਚ ਕਈ ਸਵਾਰੀਆਂ ਸੀਟ ਦੇ ਵਿੱਚ ਫੱਸ ਗਈਆਂ।
ਜਖ਼ਮੀਆਂ ਮੁਤਾਬਕ, ਉਹ ਸੋ ਰਹੇ ਸਨ ਤੇ ਜਦੋਂ ਨੀਂਦ ਖੁੱਲੀ ਤਾਂ ਵੇਖਿਆ ਬੱਸ ਸਾਹਮਣੇ ਖੜੇ ਟਰੱਕ ਵਿੱਚ ਵੜੀ ਹੋਈ ਸੀ। ਹਰ ਪਾਸੇ ਚੀਕਾਂ ਦੀਆਂ ਆਵਾਜ਼ਾਂ ਸਨ।
ਡਾਕਟਰਾਂ ਦਾ ਕਹਿਣਾ ਹੈ ਕਿ 13 ਲੋਕ ਹਸਪਤਾਲ ਵਿੱਚ ਜੋ ਆਏ, ਉਨ੍ਹਾਂ ਦੀ ਘਟਨਾ ਵਾਲੀ ਥਾਂ 'ਤੇ ਮੌਕੇ ਉੱਤੇ ਹੀ ਮੌਤ ਹੋ ਚੁੱਕੀ ਸੀ। ਬਾਕੀ ਜਖ਼ਮੀ ਜ਼ੇਰੇ ਇਲਾਜ ਹਨ, ਜਿਨ੍ਹਾਂ 'ਚੋਂ 6-7 ਦੀ ਹਾਲਤ ਗੰਭੀਰ ਬਣੀ ਹੋਈ ਹੈ।