ਵਿਜੇਵਾੜਾ : ਸ਼ਹਿਰ ਦੇ ਬਾਹਰੀ ਇਲਾਕੇ 'ਚ ਕੋਥੂਰ ਤਾਂਡੇਪੱਲੀ ਪਿੰਡ ਵਿੱਚ ਸਥਿਤ ਇੱਕ ਗਊਸ਼ਾਲਾ ਵਿੱਚ ਚਾਰਾ ਖਾਣ ਤੋਂ ਬਾਅਦ 100 ਗਾਵਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਕਈ ਹੋਰ ਗਾਵਾਂ ਜ਼ਿੰਦਗੀ ਅਤੇ ਮੌਤ ਦੀ ਜੰਗ ਲੜ ਰਹੀਆਂ ਹਨ।
ਜਾਣਕਾਰੀ ਮੁਤਾਬਕ ਇਸ ਗਊਸ਼ਾਲਾ ਦਾ ਸੰਚਾਲਨ ਸਮਰਿੱਧੀ ਸਮਿਤੀ ਵੱਲੋਂ ਕੀਤਾ ਜਾਂਦਾ ਹੈ। ਅਜਿਹਾ ਖ਼ਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ ਕਿ ਗਾਵਾਂ ਦੀ ਮੌਤ ਜ਼ਹਰੀਲਾ ਚਾਰਾ ਖਾਣ ਕਰਕੇ ਹੋਈ ਹੈ। ਜਿਥੇ ਇਸ ਮਾਮਲੇ ਵਿੱਚ ਇੱਕ ਪਾਸੇ ਜ਼ਹਰੀਲਾ ਚਾਰੇ ਕਾਰਨ ਹਾਦਸਾ ਵਾਪਰਨ ਦਾ ਖ਼ਦਸ਼ਾ ਪ੍ਰਗਟ ਕੀਤਾ ਗਿਆ ਹੈ ਉਥੇ ਹੀ ਦੂਜੇ ਪਾਸੇ ਗੌਸ਼ਾਲਾ ਦਾ ਸੰਚਾਲਨ ਕਰਨ ਵਾਲੀ ਸਮਿਤੀ ਵੱਲੋਂ ਸਾਂਝੇ ਤੌਰ 'ਤੇ ਗਾਵਾਂ ਦੀ ਮੌਤ ਨੂੰ ਇੱਕ ਸਾਜਿਸ਼ ਦੱਸਿਆ ਜਾ ਰਿਹਾ ਹੈ।
ਗਊਸ਼ਾਲਾ ਦਾ ਮੁੱਖ ਸਕੱਤਰ ਸਾਹੂ ਨੇ ਇਸ ਘਟਨਾ ਬਾਰੇ ਦੋ ਟਾਊਨ ਪੁਲਿਸ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗਊਸ਼ਾਲਾ ਵਿੱਚ ਲਗਭਗ 1450 ਗਾਵਾਂ ਹਨ। ਇਸ ਤੋਂ ਪਹਿਲਾਂ ਵੀ ਗੌਸ਼ਾਲਾ ਵਿੱਚ 24 ਗਾਵਾਂ ਦੀ ਫੂਡ ਪਾਈਜ਼ਨਿੰਗ ਕਾਰਨ ਮੌਤ ਹੋ ਗਈ ਸੀ। ਜਿਸ ਦੀ ਜਾਂਚ ਜਾਰੀ ਹੈ।
ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਮੁਹਮੰਦ ਉਮਰ ਨੇ ਦੱਸਿਆ ਕਿ ਪੁਲਿਸ ਨੇ ਗਊਸ਼ਾਲਾ ਤੋਂ ਗਾਵਾਂ ਨੂੰ ਦਿੱਤੇ ਗਏ ਚਾਰੇ ਅਤੇ ਪਾਣੀ ਦੇ ਨਮੂਨੇ ਇੱਕਠੇ ਕੀਤੇ ਹਨ ਅਤੇ ਇਸ ਨੂੰ ਜਾਂਚ ਲਈ ਭੇਜ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਇਲਾਕੇ ਵਿੱਚ ਲਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ। ਜਾਨਵਰਾਂ ਦੇ ਡਾਕਟਰ ਸ਼੍ਰੀਧਰ ਨੇ ਘਟਨਾ ਵਾਲੀ ਥਾਂ ਦਾ ਦੌਰਾ ਕੀਤਾ ਅਤੇ ਮ੍ਰਿਤਕ ਗਾਵਾਂ ਨੂੰ ਪੋਸਟਮਾਰਟਮ ਲਈ ਜਾਨਵਰਾਂ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਹੈ।