ਵਾਰਾਣਸੀ: ਪ੍ਰਯਾਗਰਾਜ ਵਿੱਚ ਸ਼ਨੀਵਾਰ ਦੇਰ ਰਾਤ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਘਟਨਾ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਹਲਚਲ ਮਚ ਗਈ ਹੈ। ਕਿਸੇ ਸਮੇਂ ਅਤੀਕ ਦਾ ਰਾਜਨੀਤੀ ਵਿੱਚ ਵੀ ਕਾਫੀ ਪ੍ਰਭਾਵ ਸੀ। ਅਤੀਕ ਦੇ ਸਿਆਸੀ ਸਬੰਧਾਂ ਤੋਂ ਹਰ ਕੋਈ ਜਾਣੂ ਸੀ। ਸਮਾਜਵਾਦੀ ਪਾਰਟੀ ਹੋਵੇ ਜਾਂ ਬਹੁਜਨ ਸਮਾਜ ਪਾਰਟੀ, ਹਰ ਸਿਆਸੀ ਪਾਰਟੀ ਨੇ ਯੂਪੀ ਦੇ ਇਸ ਬਾਹੂਬਲੀ ਦਾ ਪੂਰਾ ਫਾਇਦਾ ਚੁੱਕਿਆ। ਸਮਾਜਵਾਦੀ ਪਾਰਟੀ ਨੇ ਵੀ ਮੁਸਲਿਮ ਵੋਟ ਬੈਂਕ ਦੀ ਮਦਦ ਲਈ ਅਤੀਕ ਅਹਿਮਦ ਦਾ ਜ਼ਬਰਦਸਤ ਢੰਗ ਨਾਲ ਇਸਤੇਮਾਲ ਕੀਤਾ ਸੀ।
ਬਨਾਰਸ ਤੋਂ ਚੋਣ ਲੜਨ ਦਾ ਐਲਾਨ: ਅਤੀਕ ਅਤੇ ਮੁਲਾਇਮ ਦਾ ਰਿਸ਼ਤਾ ਵੀ ਕਿਸੇ ਤੋਂ ਲੁਕਿਆ ਨਹੀਂ ਸੀ। ਅਤੀਕ ਨੇ ਪ੍ਰਯਾਗਰਾਜ 'ਚ ਕਈ ਕਤਲਾਂ ਸਮੇਤ ਕਈ ਵੱਡੇ ਲੋਕਾਂ 'ਤੇ ਸਿੱਧੇ ਹਮਲੇ ਵੀ ਕੀਤੇ ਸਨ। ਇਸ ਸਭ ਦੇ ਵਿਚਕਾਰ ਅਤੀਕ ਦੇ ਸਿਆਸੀ ਸਬੰਧਾਂ ਦਾ ਉਸ ਨੂੰ ਫਾਇਦਾ ਹੁੰਦਾ ਰਿਹਾ। ਇਹੀ ਕਾਰਨ ਸੀ ਕਿ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵਾਰਾਣਸੀ ਤੋਂ ਦੂਜੀ ਵਾਰ ਚੋਣ ਲੜ ਰਹੇ ਸਨ, ਤਾਂ ਅਤੀਕ ਅਹਿਮਦ ਨੇ ਬਨਾਰਸ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ।
ਅਤੀਕ ਨੂੰ ਜਾਰੀ ਹੋਇਆ ਸੀ ਟਰੱਕ ਦਾ ਚੋਣ ਨਿਸ਼ਾਨ: ਵਾਰਾਣਸੀ ਲੋਕ ਸਭਾ ਚੋਣਾਂ 2019 ਦੌਰਾਨ, ਜਦੋਂ ਅਤੀਕ ਅਹਿਮਦ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਰੁੱਧ ਚੋਣ ਲੜਨ ਦਾ ਐਲਾਨ ਕੀਤਾ ਸੀ, ਤਾਂ ਅਤੀਕ ਨੂੰ ਯਕੀਨ ਸੀ ਕਿ ਉਸ ਨੂੰ ਕਿਸੇ ਵੱਡੀ ਸਿਆਸੀ ਪਾਰਟੀ ਵੱਲੋਂ ਸਮਰਥਨ ਦਿੱਤਾ ਜਾਵੇਗਾ, ਪਰ ਕਿਸੇ ਵੀ ਵੱਡੀ ਸਿਆਸੀ ਪਾਰਟੀ ਨੇ ਉਸ ਦਾ ਸਮਰਥਨ ਨਹੀਂ ਕੀਤਾ, ਨਾ ਹੀ ਉਸ 'ਤੇ ਅਪਣਾ ਹੱਥ ਰੱਖਿਆ। ਇਸ ਦੇ ਬਾਵਜੂਦ ਅਤੀਕ ਨੇ ਜੇਲ੍ਹ ਵਿੱਚ ਰਹਿੰਦਿਆਂ ਬਨਾਰਸ ਵਿੱਚ ਆਪਣੇ ਨੁਮਾਇੰਦੇ ਰਾਹੀਂ ਨਾਮਜ਼ਦਗੀ ਪੱਤਰ ਦਾਖ਼ਲ ਕਰਵਾਇਆ। ਇਸ ਨੂੰ ਸਵੀਕਾਰ ਕਰਨ ਤੋਂ ਬਾਅਦ ਉਸ ਨੂੰ ਟਰੱਕ ਦਾ ਨਿਸ਼ਾਨ ਵੀ ਅਲਾਟ ਕਰ ਦਿੱਤਾ ਗਿਆ।
ਚੋਣ ਨਿਸ਼ਾਨ ਈਵੀਐਮ ਵਿੱਚ ਫੀਡ ਵੀ ਦਿੱਤਾ ਗਿਆ। ਇਸ ਤੋਂ ਬਾਅਦ ਅਤੀਕ ਅਹਿਮਦ ਨੇ ਚੋਣ ਨਾ ਲੜਨ ਦਾ ਐਲਾਨ ਕਰਕੇ ਆਪਣਾ ਹੱਥ ਪਿੱਛੇ ਖਿੱਚ ਲਿਆ, ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਚੋਣਾਂ ਦੀ ਤਰੀਕ ਵੀ ਨੇੜੇ ਸੀ। ਅਤੀਕ ਵੱਲੋਂ ਚੋਣ ਨਾ ਲੜਨ ਦੇ ਐਲਾਨ ਤੋਂ ਬਾਅਦ ਵੀ ਵਾਰਾਣਸੀ ਵਿੱਚ ਪ੍ਰਧਾਨ ਮੰਤਰੀ ਮੋਦੀ ਖ਼ਿਲਾਫ਼ ਉਸ ਨੂੰ 855 ਵੋਟਾਂ ਮਿਲੀਆਂ, ਜੋ ਆਪਣੇ ਆਪ ਵਿੱਚ ਉਸ ਦੀ ਸਰਬਉੱਚਤਾ ਅਤੇ ਉਸ ਦੇ ਵੱਡੇ ਨਾਂ ਦੀ ਕਹਾਣੀ ਬਿਆਂ ਕਰਨ ਲਈ ਕਾਫੀ ਸੀ।