ਬੈਂਗਲੁਰੂ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਚੋਣ ਰਾਜ ਕਰਨਾਟਕ ਦਾ ਦੌਰਾ ਕਰਨਗੇ, ਜੋ ਇਸ ਸਾਲ ਰਾਜ ਦਾ ਉਨ੍ਹਾਂ ਦਾ ਸੱਤਵਾਂ ਦੌਰਾ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਵੱਖ-ਵੱਖ ਅਧਿਕਾਰਤ ਪ੍ਰੋਗਰਾਮਾਂ ਵਿੱਚ ਸ਼ਿਰਕਤ ਕਰਨਗੇ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਵੱਲੋਂ ਆਯੋਜਿਤ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਨਗੇ। ਆਉਣ ਵਾਲੇ ਕੁਝ ਦਿਨਾਂ ਵਿੱਚ, ਚੋਣ ਕਮਿਸ਼ਨ ਵੱਲੋਂ ਮਈ ਵਿੱਚ ਹੋਣ ਵਾਲੀਆਂ ਰਾਜ ਵਿਧਾਨ ਸਭਾ ਚੋਣਾਂ ਲਈ ਪੋਲਿੰਗ ਪ੍ਰੋਗਰਾਮ ਦਾ ਐਲਾਨ ਕੀਤੇ ਜਾਣ ਦੀ ਉਮੀਦ ਹੈ।
ਮੋਦੀ ਚਿੱਕਬੱਲਾਪੁਰ ਵਿਖੇ 'ਸ੍ਰੀ ਮਧੂਸੂਦਨ ਸਾਈ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ' ਦਾ ਉਦਘਾਟਨ ਕਰਨਗੇ ਅਤੇ ਬਾਅਦ ਵਿਚ ਉਹ ਬੈਂਗਲੁਰੂ ਮੈਟਰੋ ਦੀ ਵਾਈਟਫੀਲਡ (ਕਡੂਗੋਡੀ) ਕ੍ਰਿਸ਼ਨਰਾਜਪੁਰਾ ਮੈਟਰੋ ਲਾਈਨ ਦਾ ਉਦਘਾਟਨ ਕਰਨਗੇ ਅਤੇ ਰੇਲ ਗੱਡੀ ਦੀ ਸਵਾਰੀ ਵੀ ਕਰਨਗੇ। ਇਸ ਤੋਂ ਬਾਅਦ ਉਹ ਜ਼ਿਲ੍ਹਾ ਹੈੱਡਕੁਆਰਟਰ ਸ਼ਹਿਰ ਦਾਵਾਂਗੇਰੇ ਜਾਣਗੇ ਅਤੇ ਭਾਜਪਾ ਦੀ 'ਵਿਜੇ ਸੰਕਲਪ ਯਾਤਰਾ' ਦੀ ਸਮਾਪਤੀ 'ਤੇ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਨਗੇ। ਭਾਜਪਾ ਸੂਤਰਾਂ ਅਨੁਸਾਰ ਕਰਨਾਟਕ ਵਿੱਚ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਹੋਣ ਤੋਂ ਬਾਅਦ ਪਾਰਟੀ ਦੀ ਇਹ ਪਹਿਲੀ ਮੀਟਿੰਗ ਹੈ, ਜਿਸ ਵਿੱਚ ਪ੍ਰਧਾਨ ਮੰਤਰੀ ਸ਼ਿਰਕਤ ਕਰਨਗੇ।
ਦਾਵਾਂਗੇਰੇ ਤੋਂ ਭਾਜਪਾ ਸੰਸਦ ਜੀ. ਐੱਮ ਸਿੱਧੇਸ਼ਵਰ ਨੇ ਦੱਸਿਆ ਕਿ ਰੈਲੀ 'ਚ ਕੁੱਲ 10 ਲੱਖ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਉਨ੍ਹਾਂ ਕਿਹਾ ਕਿ ਇਕੱਲੇ ਦਾਵਾਂਗੇਰੇ ਜ਼ਿਲ੍ਹੇ ਤੋਂ ਲਗਭਗ ਤਿੰਨ ਲੱਖ ਲੋਕ ਹਿੱਸਾ ਲੈਣਗੇ। ਦਾਵਾਂਗੇਰੇ ਨੂੰ ਪਹਿਲਾਂ ਹੀ ਭਗਵਾ ਰੰਗਿਆ ਹੋਇਆ ਹੈ ਅਤੇ ਜੀਐਮਆਈਟੀ ਕਾਲਜ ਦੇ ਅੱਗੇ 400 ਏਕੜ ਜ਼ਮੀਨ ਵਿੱਚ ਪੰਡਾਲ ਬਣਾਇਆ ਗਿਆ ਹੈ। ਭਾਜਪਾ ਦੇ ਸੂਬਾ ਜਨਰਲ ਸਕੱਤਰ ਮਹੇਸ਼ ਤੇਂਗਿਨਕਈ ਨੇ ਦਾਅਵਾ ਕੀਤਾ ਕਿ ਵਿਸ਼ੇਸ਼ ਤੌਰ 'ਤੇ ਤਿਆਰ ਕੀਤੇ ਵਾਹਨਾਂ ਜਾਂ 'ਰੱਥਾਂ' ਵਿੱਚ ਰਾਜ ਭਰ ਵਿੱਚ ਚਾਰ ਵੱਖ-ਵੱਖ ਦਿਸ਼ਾਵਾਂ ਤੋਂ ਸ਼ੁਰੂ ਹੋਈਆਂ ਚਾਰ 'ਵਿਜੇ ਸੰਕਲਪ ਯਾਤਰਾਵਾਂ' ਸਫਲ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਯਾਤਰਾ ਤਹਿਤ ਕੁੱਲ 5600 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ, ਜਿਸ ਵਿੱਚ ਲੱਖਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਅਸੀਂ 224 ਹਲਕਿਆਂ ਤੱਕ ਪਹੁੰਚੇ। ਪਾਰਟੀ ਵੱਲੋਂ ਜਾਰੀ ਬਿਆਨ ਅਨੁਸਾਰ ਰੈਲੀ ਲਈ ਵੱਡੇ ਪੱਧਰ ’ਤੇ ਖਾਣ-ਪੀਣ ਦੇ ਪ੍ਰਬੰਧ ਕੀਤੇ ਗਏ ਹਨ ਅਤੇ 400 ਕਾਊਂਟਰ ਖੋਲ੍ਹੇ ਜਾਣਗੇ। ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਕੁੱਕ ਨਿਯੁਕਤ ਕੀਤੇ ਗਏ ਹਨ ਅਤੇ ਪਾਰਕਿੰਗ ਲਈ 44 ਥਾਵਾਂ ਦੀ ਸ਼ਨਾਖਤ ਕੀਤੀ ਗਈ ਹੈ। ਪਿਛਲੇ ਸਾਲ ਅਗਸਤ 'ਚ ਕਾਂਗਰਸ ਦੇ ਸੀਨੀਅਰ ਨੇਤਾ ਸਿੱਧਰਮਈਆ ਦੇ 75ਵੇਂ ਜਨਮ ਦਿਨ ਦੇ ਮੌਕੇ 'ਤੇ ਸੂਬੇ ਦੇ ਮੱਧ ਹਿੱਸੇ 'ਚ ਸਥਿਤ ਦਾਵਾਂਗੇਰੇ 'ਚ ਹੀ ਇਕ ਵਿਸ਼ਾਲ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ, ਜਿਸ 'ਚ ਵੱਡੀ ਗਿਣਤੀ 'ਚ ਲੋਕਾਂ ਨੇ ਸ਼ਿਰਕਤ ਕੀਤੀ ਸੀ।
ਸੂਤਰਾਂ ਅਨੁਸਾਰ ਇਸ ਵੱਡੇ ਪੱਧਰ 'ਤੇ ਸਮਾਗਮ ਦੇ ਆਯੋਜਨ ਤੋਂ ਬਾਅਦ ਸਥਾਨਕ ਭਾਜਪਾ ਨੇਤਾਵਾਂ ਵੱਲੋਂ ਪਾਰਟੀ 'ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇਲਾਕੇ 'ਚ ਇਕ ਹੋਰ ਵੱਡੀ ਜਨ ਸਭਾ ਦਾ ਆਯੋਜਨ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਪ੍ਰਧਾਨ ਮੰਤਰੀ ਸ਼ਨੀਵਾਰ ਨੂੰ ਸ਼੍ਰੀ ਮਧੂਸੂਦਨ ਸਾਈ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਐਂਡ ਰਿਸਰਚ (SMSIMSR) ਦਾ ਉਦਘਾਟਨ ਕਰਨਗੇ। ਐਸਐਮਐਸਆਈਐਮਐਸਆਰ ਦੀ ਸਥਾਪਨਾ ਸ੍ਰੀ ਸੱਤਿਆ ਸਾਈਂ ਯੂਨੀਵਰਸਿਟੀ ਫਾਰ ਹਿਊਮਨ ਐਕਸੀਲੈਂਸ ਦੁਆਰਾ ਸਤਿਆ ਸਾਈਂ ਪਿੰਡ, ਮੁਦੇਨਹੱਲੀ, ਚਿੱਕਬੱਲਾਪੁਰ ਵਿਖੇ ਕੀਤੀ ਗਈ ਹੈ।
ਇੱਕ ਪੇਂਡੂ ਖੇਤਰ ਵਿੱਚ ਸਥਿਤ ਅਤੇ ਮੈਡੀਕਲ ਸਿੱਖਿਆ ਅਤੇ ਸਿਹਤ ਸੰਭਾਲ ਦੇ ਗੈਰ-ਵਪਾਰੀਕਰਨ ਦੇ ਦ੍ਰਿਸ਼ਟੀਕੋਣ ਨਾਲ ਸਥਾਪਿਤ, SMSIMSR ਸਾਰਿਆਂ ਨੂੰ ਡਾਕਟਰੀ ਸਿੱਖਿਆ ਅਤੇ ਮਿਆਰੀ ਡਾਕਟਰੀ ਦੇਖਭਾਲ ਪੂਰੀ ਤਰ੍ਹਾਂ ਮੁਫਤ ਪ੍ਰਦਾਨ ਕਰੇਗਾ। ਇੱਕ ਅਧਿਕਾਰਤ ਰੀਲੀਜ਼ ਵਿੱਚ ਕਿਹਾ ਗਿਆ ਹੈ ਕਿ ਸੰਸਥਾ ਅਕਾਦਮਿਕ ਸਾਲ 2023 ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗੀ। ਬੈਂਗਲੁਰੂ ਮੈਟਰੋ ਫੇਜ਼ II ਦੇ ਅਧੀਨ ਵਾਈਟਫੀਲਡ (ਕਡੂਗੋਡੀ) ਮੈਟਰੋ ਤੋਂ ਕ੍ਰਿਸ਼ਨਰਾਜਪੁਰਾ ਮੈਟਰੋ ਲਾਈਨ ਆਫ ਰੀਚ-1 ਐਕਸਟੈਂਸ਼ਨ ਪ੍ਰੋਜੈਕਟ ਦੇ 13.71 ਕਿਲੋਮੀਟਰ ਲੰਬੇ ਹਿੱਸੇ ਦਾ ਪ੍ਰਧਾਨ ਮੰਤਰੀ ਵ੍ਹਾਈਟਫੀਲਡ (ਕਡੂਗੋਡੀ) ਮੈਟਰੋ ਸਟੇਸ਼ਨ ਵਿਖੇ ਉਦਘਾਟਨ ਕਰਨਗੇ। (ਪੀਟੀਆਈ-ਭਾਸ਼ਾ)
ਇਹ ਵੀ ਪੜੋ:- Raid in Gujarat Jail: ਹਰਸ਼ ਸੰਘਵੀ ਦੀ ਅਗਵਾਈ ਹੇਠ ਗੁਜਰਾਤ ਦੀਆਂ ਜੇਲ੍ਹਾਂ 'ਚ ਰਾਤੋ-ਰਾਤ ਅਚਨਚੇਤ ਛਾਪੇਮਾਰੀ