ਸੂਰਤਗੜ੍ਹ : ਸ੍ਰੀਗੰਗਾਨਗਰ ਵਿੱਚ ਦਰਦਨਾਕ ਸੜਕ ਹਾਦਸਾ ਹੋਣ ਦੀ ਖ਼ਬਰ ਹੈ। ਇਥੇ ਸੂਰਤਗੜ੍ਹ ਵਿੱਚ ਇੰਦਰਾ ਗਾਧੀ ਨਹਿਰ ਦੀ 330 ਆਰਡੀ ਨੇੜੇ ਫੌਜ ਦੀ ਜਿਪਸੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ ਦੌਰਾਨ ਜਿਪਸੀ 'ਚ ਅੱਗ ਲੱਗਣ ਕਾਰਨ 3 ਜਵਾਨ ਜ਼ਿੰਦਾ ਸੜ ਗਏ ਤੇ 5 ਜਵਾਨ ਗੰਭੀਰ ਜ਼ਖਮੀ ਹੋ ਗਏ।
ਘਟਨਾ ਦੇਰ ਰਾਤ 1 ਵਜੇ ਦੀ ਦੱਸੀ ਜਾ ਰਹੀ ਹੈ। ਹਾਦਸੇ ਦੌਰਾਨ ਅੱਗ ਵੇਖ ਕੇ ਨੇੜਲੇ ਪਿੰਡ ਦੇ ਲੋਕਾਂ ਮਦਦ ਲਈ ਪੁੱਜੇ। ਪਿੰਡਵਾਸੀਆਂ ਨੇ ਆਪਣੇ ਪੱਧਰ 'ਤੇ ਅੱਗ ਕਾਬੂ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਦੋਂ ਤੱਕ ਫੌਜ ਦੇ ਤਿੰਨ ਜਵਾਨ ਜ਼ਿੰਦਾ ਸੜ ਚੁੱਕੇ ਸਨ।
ਫੌਜ ਦੇ ਮ੍ਰਿਤਕ ਜਵਾਨ ਬਠਿੰਡਾ ਦੀ 47 AD ਯੂਨਿਟ ਦੇ ਦੱਸੇ ਜਾ ਰਹੇ ਹਨ, ਜੋ ਕਿ ਯੁੱਧ ਅਭਿਆਸ ਲਈ ਸੂਰਤਗੜ੍ਹ ਗਏ ਸਨ। ਹਾਦਸੇ ਮਗਰੋਂ ਨੇੜਲੇ ਪਿੰਡ ਵਾਸੀਆਂ ਨੇ ਕਿਸੇ ਤਰ੍ਹਾਂ ਅੱਗ ‘ਤੇ ਕਾਬੂ ਪਾਇਆ ਪਰ ਉਦੋਂ ਤੱਕ 3 ਜਵਾਨ ਜ਼ਿੰਦਾ ਸੜ ਚੁੱਕੇ ਸਨ। ਸੂਚਨਾ ਮਿਲਣ ਮਗਰੋਂ ਮੌਕੇ 'ਤੇ ਪਹੁੰਚੀ ਰਾਜਿਆਸਰ ਪੁਲਿਸ ਦੀ ਮਦਦ ਨਾਲ ਜ਼ਖਮੀ ਫੌਜੀਆਂ ਨੂੰ ਸੂਰਤਗੜ੍ਹ ਦੇ ਟਰਾਮਾ ਸੈਂਟਰ ਲਿਆਂਦਾ ਗਿਆ। ਜਿਥੋਂ ਉਨ੍ਹਾਂ ਨੂੰ ਫਰਸਟ ਏਡ ਦੇਣ ਤੋਂ ਬਾਅਦ ਸੂਰਤਗੜ੍ਹ ਦੇ ਮਿਲਟਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਲਹਾਲ ਰਾਜਿਆਸਰ ਥਾਣੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਗਈ ਹੈ।