ਚੰਡੀਗੜ੍ਹ: ਬੇਅਦਬੀ ਕੇਸ ‘ਚ ਕੋਟਕਪੂਰਾ ਗੋਲੀਕਾਂਡ ਮਾਮਲੇ ਕਾਰਨ ਚਰਚਾ ‘ਚ ਆਏ ਸਾਬਕਾ ਇੰਸਪੈਕਟਰ ਜਨਰਲ ਆਫ਼ ਪੁਲਿਸ ਤੇ ‘ਆਪ‘ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਸੋਮਵਾਰ ਨੂੰ ਬੇਅਦਬੀ ਮਾਮਲੇ ਵਿੱਚ ਸਿੰਗਲ ਜੱਜ ਬੈਂਚ ਦੇ ਫੈਸਲੇ ਵਿਰੁੱਧ ਅਪੀਲ ਦਾਖਲ ਕੀਤੀ ਹੈ। ਸਾਬਕਾ ਆਈਜੀ ਨੇ ਇਸ ਫੈਸਲੇ ਵਿੱਚ ਉਨ੍ਹਾਂ ਵਿਰੁੱਧ ਕੀਤੀਆਂ ਟਿੱਪਣੀਆਂ ਹਟਾਉਣ ਲਈ ਹੀ ਹਾਈਕੋਰਟ ਪਹੁੰਚ ਕੀਤੀ ਹੈ।
ਇਹ ਵੀ ਪੜ੍ਹੋ:ਕੈਪਟਨ ਦੀ ਨਸੀਹਤ ਤੋਂ ਬਾਅਦ ਵੀ ਨਹੀਂ ਟਲੇ ਸਿੱਧੂ ਦੇ ਸਲਾਹਕਾਰ !
ਸਿੰਗਲ ਬੈਂਚ ਨੇ ਰੱਦ ਕੀਤੀ ਸੀ ਸਿੱਟ ਦੀ ਜਾਂਚ
ਸਿੰਗਲ ਜੱਜ ਦੀ ਬੈਂਚ ਨੇ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਐਸਆਈਟੀ ਵੱਲੋਂ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਰੱਦ ਕਰ ਦਿੱਤੀ ਸੀ ਅਤੇ ਉਨ੍ਹਾਂ ਵਿਰੁੱਧ ਕੁਝ ਸਖ਼ਤ ਟਿੱਪਣੀਆਂ ਕੀਤੀਆਂ ਸਨ। ਜਸਟਿਸ ਰਾਜਬੀਰ ਸਹਿਰਾਵਤ ਦੇ ਬੈਂਚ ਵੱਲੋਂ ਸਿੱਟ ਦੀ ਜਾਂਚ ਰੱਦ ਕਰਨ ਤੋਂ ਬਾਅਦ ਸਿੰਘ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ ਸੀ ਤੇ ਬਾਅਦ ਵਿੱਚ ਉਹ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸੀ।
ਹਾਈਕੋਰਟ ਦੇ ਹੁਕਮ ‘ਤੇ ਬਣ ਚੁੱਕੀ ਹੈ ਨਵੀਂ ਸਿੱਟ
9 ਅਪ੍ਰੈਲ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਜਾਂਚ ਨੂੰ ਰੱਦ ਕਰ ਦਿੱਤਾ ਅਤੇ ਸੂਬਾ ਸਰਕਾਰ ਨੂੰ ਨਿਰਦੇਸ਼ ਦਿੱਤਾ ਕਿ ਆਈਪੀਐਸ ਅਧਿਕਾਰੀ ਤੋਂ ਬਿਨਾਂ ਵਿਸ਼ੇਸ਼ ਜਾਂਚ ਟੀਮ ਦਾ ਪੁਨਰਗਠਨ ਕੀਤਾ ਜਾਵੇ। ਹਾਈਕੋਰਟ ਨੇ ਸਿੱਟ ਦੀ ਜਾਂਚ ਰੱਦ ਕਰਦਿਆਂ ਇਸ ਕੇਸ ਵਿੱਚ ਬਾਦਲਾਂ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਸੀ ਤੇ ਹਾਈਕੋਰਟ ਵੱਲੋਂ ਜਾਂਚ ਰੱਦ ਕੀਤੇ ਜਾਣ ਕਾਰਨ ਸਰਕਾਰ ਦੇ ਆਪਣੇ ਹੀ ਮੰਤਰੀਆਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਾ ਪਾ ਲਿਆ ਸੀ।
ਜਾਂਚ ਰੱਦ ਹੋਣ ‘ਤੇ ਛਿੜੇ ਵਿਵਾਦ ਉਪਰੰਤ ਆਈਜੀ ਨੇ ਦਿੱਤਾ ਸੀ ਅਸਤੀਫਾ
ਇਸ ਵਿਵਾਦ ਉਪਰੰਤ ਕੁੰਵਰ ਵਿਜੈ ਪ੍ਰਤਾਪ ਨੇ ਅਸਤੀਫਾ ਦੇ ਦਿੱਤਾ ਸੀ ਤੇ ਹੁਣ ਜਦੋਂ ਪੰਜਾਬ ਸਰਕਾਰ ਨੇ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ, ਉਥੇ ਕੁੰਵਰ ਵਿਜੈ ਪ੍ਰਤਾਪ ਨੇ ਐਡਵੋਕੇਟ ਏਪੀਐਸ ਸ਼ੇਰਗਿੱਲ ਰਾਹੀਂ ਟਿੱਪਣੀਆਂ ਹਟਵਾਉਣ ਲਈ ਹਾਈਕੋਰਟ ਵਿੱਚ ਹੀ ਅਪੀਲ ਦਾਖ਼ਲ ਕਰ ਦਿੱਤੀ ਹੈ।
ਇਹ ਵੀ ਪੜ੍ਹੋ:'ਕਾਂਗਰਸ ’ਚ ਤਾਂ ਦੂਰ, ਦੇਸ਼ ’ਚ ਰਹਿਣ ਲਾਇਕ ਨਹੀਂ'