ਭੋਪਾਲ: ਮੱਧ ਪ੍ਰਦੇਸ਼ ਦੇ ਲਗਭਗ 13 ਜ਼ਿਲ੍ਹਿਆਂ ਵਿੱਚ ਜੀਆਈ ਟੈਗ (ਭੂਗੋਲਿਕ ਸੰਕੇਤ ਟੈਗ) ਮਿਲਣ ਦੀਆਂ ਸੰਭਾਵਨਾਵਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਏਪੀਈਡੀਏ (ਐਗਰੀਕਲਚਰਲ ਐਂਡ ਪ੍ਰੋਸੈਸਡ ਫੂਡ ਪ੍ਰੋਡਕਟਸ ਐਕਸਪੋਰਟ ਡਿਵੈਲਪਮੈਂਟ ਅਥਾਰਟੀ) ਨੇ ਮੱਧ ਪ੍ਰਦੇਸ਼ ਦੇ ਬਾਸਮਤੀ ਚੌਲਾਂ 'ਤੇ ਪ੍ਰਗਟਾਏ ਗਏ ਇਤਰਾਜ਼ ਨੂੰ ਵਾਪਸ ਲੈ ਲਿਆ ਹੈ। ਏਪੀਈਡੀਏ ਨੇ ਇਤਰਾਜ਼ ਪ੍ਰਗਟਾਇਆ ਸੀ ਕਿ ਮੱਧ ਪ੍ਰਦੇਸ਼ 'ਚ ਬਾਸਤਮਤੀ ਚੌਲਾਂ ਦੀ ਪੈਦਾਵਾਰ ਨਹੀਂ ਹੁੰਦੀ ਹੈ।
ਇਤਰਾਜ਼ ਵਾਪਸ ਲੈਣ ਤੋਂ ਬਾਅਦ, ਸੂਬੇ ਦੀ ਇੱਕ ਰੁਕਾਵਟ ਖ਼ਤਮ ਹੋ ਗਈ ਹੈ, ਪਰ ਫਿਰ ਵੀ ਸੂਬਾ ਸਰਕਾਰ ਨੂੰ ਦੋ ਹੋਰ ਰੁਕਾਵਟਾਂ ਦਾ ਸਾਹਮਣਾ ਕਰਨਾ ਪਵੇਗਾ। ਇਹ ਮਾਮਲਾ ਫਿਲਹਾਲ ਸੁਪਰੀਮ ਕੋਰਟ ਤੇ ਭਾਰਤ ਸਰਕਾਰ ਕੋਲ ਵਿਚਾਰ ਅਧੀਨ ਹੈ। ਇਤਰਾਜ਼ ਹਟਾਏ ਜਾਣ ਤੋਂ ਬਾਅਦ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਵਧਾਈ ਦਿੱਤੀ ਹੈ।
ਲੰਬੇ ਸਮੇਂ ਤੋਂ ਚੱਲ ਰਹੀ ਲੜਾਈ
ਮੱਧ ਪ੍ਰਦੇਸ਼ 'ਚ ਉਤਪਾਦਤ ਬਾਸਮਤੀ ਚੌਲਾਂ ਨੂੰ ਜੀਆਈ ਟੈਗ ਦੇਣ ਲਈ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਹੈ। ਇਸ ਕੇਸ ਵਿੱਚ ਏਪੀਈਡੀਏ ਨੇ ਮਦਰਾਸ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਦਾਖਲ ਕੀਤੀ ਸੀ, ਜਿੱਥੇ ਮੱਧ ਪ੍ਰਦੇਸ਼ ਸਰਕਾਰ ਦੇ ਪੱਖ ਨੂੰ ਖਾਰਿਜ਼ ਕਰ ਦਿੱਤਾ ਗਿਆ ਸੀ। ਏਪੀਈਡੀਏ ਤੋਂ ਇਲਾਵਾ , ਜੀਆਈ ਰਜਿਸਟਰੀ ਵਿਚਾਲੇ ਮੱਧ ਪ੍ਰਦੇਸ਼ ਸਰਕਾਰ ਦੇ ਹੱਕ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਦੋਹਾਂ ਨੇ ਦਲੀਲ ਦਿੱਤੀ ਕਿ ਬਾਸਮਤੀ ਚੌਲ ਲਈ ਜੀਆਈ ਟੈਗ ਗੰਗਾ ਮੈਦਾਨ ਦੇ ਇਕ ਖ਼ਾਸ ਹਿੱਸੇ ਨੂੰ ਦਿੱਤਾ ਜਾਂਦਾ ਹੈ। ਮੱਧ ਪ੍ਰਦੇਸ਼ ਇਸ ਖੇਤਰ 'ਚ ਨਹੀਂ ਆਉਂਦਾ।
4 ਲੱਖ ਕਿਸਾਨ ਕਰਦੇ ਬਾਸਮਤੀ ਚੌਲਾਂ ਦਾ ਉਤਪਾਦਨ
ਮੱਧ ਪ੍ਰਦੇਸ਼ ਦੇ 13 ਜ਼ਿਲ੍ਹਿਆ 'ਚ ਬਾਸਮਤੀ ਝੋਨੇ ਦੀ ਕਾਸ਼ਤ ਕੀਤੀ ਜਾਂਦੀ ਹੈ, ਪਰ ਜੀਆਈ ਟੈਗ ਨਾ ਹੋਣ ਦੇ ਚਲਦੇ ਬਾਸਮਤੀ ਚੌਲਾਂ ਦਾ ਉਤਪਾਦਨ ਕਰਨ ਵਾਲੇ ਕਿਸਾਨਾਂ ਨੂੰ ਸਹੀ ਮੁੱਲ ਨਹੀਂ ਮਿਲਦਾ। ਸੂਬੇ ਦੇ ਲਗਭਗ 4 ਲੱਖ ਕਿਸਾਨ ਬਾਸਮਤੀ ਚੌਲਾਂ ਦਾ ਉਤਪਾਦਨ ਕਰਦੇ ਹਨ। ਇਸ 'ਚ ਗਵਾਲੀਅਰ-ਚੰਬਲ ਇਲਾਕੇ, ਵਿਦੀਸ਼ਾ, ਰਾਏਸੇਨ, ਸਿਹੋੜ, ਹੋਸ਼ੰਗਾਬਾਦ, ਨਰਸਿੰਘਪੁਰ ਅਤੇ ਜਬਲਪੁਰ ਵਿੱਚ ਕਾਸ਼ਤ ਕੀਤੀ ਜਾਂਦੀ ਹੈ।
ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਇਤਰਾਜ਼ ਪ੍ਰਗਟਾਇਆ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖ ਕੇ ਮੱਧ ਪ੍ਰਦੇਸ਼ ਦੇ ਬਾਸਮਤੀ ਚੌਲ ਨੂੰ ਜੀਆਈ ਟੈਗ ਨਾ ਦਿੱਤੇ ਜਾਣ ਦੀ ਮੰਗ ਕੀਤੀ ਹੈ। ਪੱਤਰ 'ਚ ਕਿਹਾ ਗਿਆ ਸੀ ਕਿ ਬਾਸਮਤੀ ਚੌਲਾਂ ਦੀ ਜੀਆਈ ਟੈਗਿੰਗ ਮਿਲਣ ਨਾਲ ਪਾਕਿਸਤਾਨ ਨੂੰ ਫਾਇਦਾ ਹੋਏਗਾ। ਪੰਜਾਬ ਦੇ ਮੁੱਖ ਮੰਤਰੀ ਦੇ ਇਸ ਪੱਤਰ ਦਾ ਮੱਧ ਪ੍ਰਦੇਸ਼ ਦੇ ਸੀਐਮ ਸ਼ਿਵਰਾਜ ਸਿੰਘ ਚੌਹਾਨ ਨੇ ਟਵੀਟ ਕਰਕੇ ਵਿਰੋਧ ਕੀਤਾ ਸੀ। ਉਨ੍ਹਾਂ ਕਿਹਾ ਸੀ, 'ਮੈਂ ਮੱਧ ਪ੍ਰਦੇਸ਼ 'ਚ ਬਾਸਮਤੀ ਚੌਲਾਂ ਦੀ ਜੀਆਈ ਟੈਗਿੰਗ ਦੇ ਮਾਮਲੇ 'ਚ ਪ੍ਰਧਾਨ ਮੰਤਰੀ ਨੂੰ ਪੰਜਾਬ ਕਾਂਗਰਸ ਸਰਕਾਰ ਵੱਲੋਂ ਲਿਖੇ ਪੱਤਰ ਦੀ ਨਿੰਦਾ ਕਰਦਾ ਹਾਂ ਅਤੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਮੰਨਦਾ ਹਾਂ।'
ਖੇਤੀਬਾੜੀ ਮੰਤਰੀ ਨੇ ਏਪੀਈਡੀਏ ਦਾ ਕੀਤਾ ਧੰਨਵਾਦ
ਸੂਬੇ ਦੇ ਖੇਤੀਬਾੜੀ ਮੰਤਰੀ ਕਮਲ ਪਟੇਲ ਨੇ ਕਿਹਾ ਕਿ ਮੱਧ ਪ੍ਰਦੇਸ਼ ਦੇ ਚੇਤਨ ਸਿੰਘ ਏਪੀਈਡੀਏ ਦੇ ਡਾਇਰੈਕਟਰ ਹਨ। ਏਪੀਈਡੀਏ ਦੀ ਹਾਲ ਹੀ ਵਿੱਚ ਬੈਠਕ ਹੋਈ ਸੀ। ਉਨ੍ਹਾਂ ਨੇ ਉਸ ਬੈਠਕ 'ਚ ਮੱਧ ਪ੍ਰਦੇਸ਼ ਦਾ ਪੱਖ ਰੱਖਿਆ ਹੈ। ਮੈਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ ਵਧਾਈ ਦਿੰਦਾ ਹਾਂ ਕਿ ਉਹ ਮੱਧ ਪ੍ਰਦੇਸ਼ ਦੇ ਅਧਿਕਾਰ ਪ੍ਰਾਪਤ ਕਰਨ 'ਚ ਮਦਦ ਕਰ ਰਹੇ ਹਨ। ਏਪੀਈਡੀਏ ਨੇ ਇਤਰਾਜ਼ ਪ੍ਰਗਟਾਇਆ ਸੀ ਕਿ ਬਾਸਮਤੀ ਝੋਨਾ ਮੱਧ ਪ੍ਰਦੇਸ਼ ਵਿੱਚ ਉਪਲੱਬਧ ਨਹੀਂ ਹੈ। ਹੁਣ ਉਨ੍ਹਾਂ ਨੇ ਆਪਣਾ ਇਤਰਾਜ਼ ਵਾਪਸ ਲੈ ਲਿਆ ਹੈ। ਇਸ ਨਾਲ ਬਾਸਮਤੀ ਚੌਲਾਂ ਲਈ ਜੀਆਈ ਟੈਗ ਹਾਸਲ ਕਰਨ ਦਾ ਰਾਹ ਖੁੱਲ੍ਹ ਗਿਆ ਹੈ।