ਨਵੀਂ ਦਿੱਲੀ: ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਮੰਗਲਵਾਰ ਨੂੰ ਦਿੱਲੀ ਦੇ ਪੁਲ ਬੰਗਸ਼ ਇਲਾਕੇ ਵਿੱਚ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੂੰ ਆਵਾਜ਼ ਦਾ ਨਮੂਨਾ ਲੈਣ ਲਈ ਤਲਬ ਕੀਤਾ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਟਾਈਟਲਰ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਪੁੱਜੇ, ਜਿੱਥੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਏਜੰਸੀ ਨੂੰ 39 ਸਾਲ ਪੁਰਾਣੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿੱਚ ਨਵੇਂ ਸਬੂਤ ਮਿਲੇ ਹਨ, ਜਿਸ ਤੋਂ ਬਾਅਦ ਟਾਈਟਲਰ ਦੀ ਆਵਾਜ਼ ਦਾ ਸੈਂਪਲ ਲੈਣ ਦੀ ਲੋੜ ਸੀ।
ਦੰਗਿਆਂ ਦੌਰਾਨ ਪੁਲ ਬੰਗਸ਼ ਇਲਾਕੇ 'ਚ ਕਥਿਤ ਤੌਰ 'ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। 1984 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਉਹਨਾਂ ਦੇ ਸਿੱਖ ਅੰਗ ਰੱਖਿਅਕਾਂ ਵੱਲੋਂ ਕੀਤੀ ਗਈ ਹੱਤਿਆ ਤੋਂ ਬਾਅਦ ਦੇਸ਼ ਵਿੱਚ ਸਿੱਖ ਭਾਈਚਾਰੇ ਉੱਤੇ ਕਥਿਤ ਹਿੰਸਕ ਹਮਲੇ ਹੋਏ ਸਨ। ਇਸ ਤੋਂ ਪਹਿਲਾਂ ਐਤਵਾਰ (26 ਮਾਰਚ) ਨੂੰ ਜਗਦੀਸ਼ ਟਾਈਟਲਰ ਉਸ ਸਮੇਂ ਸੁਰਖੀਆਂ 'ਚ ਆਇਆ ਸੀ ਜਦੋਂ ਉਸ ਨੇ ਰਾਹੁਲ ਗਾਂਧੀ ਦੀ ਸੰਸਦ ਦੀ ਮੈਂਬਰਸ਼ਿਪ ਰੱਦ ਹੋਣ ਤੋਂ ਬਾਅਦ ਦਿੱਲੀ ਦੇ ਰਾਜਘਾਟ 'ਤੇ ਕਾਂਗਰਸ ਦੇ ਸੰਕਲਪ ਸੱਤਿਆਗ੍ਰਹਿ 'ਚ ਹਿੱਸਾ ਲਿਆ ਸੀ।
ਇਲਜ਼ਾਮ ਲਾਉਂਦਿਆਂ ਭਾਜਪਾ ਨੇ ਕਿਹਾ ਕਿ ਕਤਲ ਦੇ ਦੋਸ਼ੀਆਂ ਨੂੰ ਸੱਤਿਆਗ੍ਰਹਿ ਵਿੱਚ ਸ਼ਾਮਲ ਕਰਕੇ ਕਾਂਗਰਸ ਕੀ ਸਾਬਤ ਕਰਨਾ ਚਾਹੁੰਦੀ ਹੈ। ਭਾਜਪਾ ਦੇ ਸੀਨੀਅਰ ਆਗੂ ਆਰ.ਪੀ.ਸਿੰਘ ਨੇ ਕਿਹਾ ਸੀ ਕਿ ਸਿੱਖਾਂ ਦੇ ਕਤਲੇਆਮ ਦੇ ਦੋਸ਼ੀ ਜਗਦੀਸ਼ ਨੂੰ ਸੱਤਿਆਗ੍ਰਹਿ 'ਚ ਕਿਉਂ ਬੁਲਾਇਆ ਗਿਆ ਕਾਂਗਰਸ ਲੋਕਤੰਤਰ ਨੂੰ ਬਚਾਉਣ ਦੀ ਗੱਲ ਕਰ ਰਹੀ ਹੈ। ਆਰਪੀ ਸਿੰਘ ਨੇ ਜਗਦੀਸ਼ ਟਾਈਟਲਰ ਨੂੰ ਸਿੱਖਾਂ ਦਾ ਕਾਤਲ ਕਹਿ ਕੇ ਸੰਬੋਧਨ ਕੀਤਾ। ਇਸ ਦੇ ਜਵਾਬ 'ਚ ਟਾਈਟਲਰ ਨੇ ਕਿਹਾ ਸੀ ਕਿ ਕੀ ਮੇਰੇ ਖਿਲਾਫ ਕੋਈ ਐੱਫ.ਆਈ.ਆਰ. ਦਰਜ ਕੀਤੀ ਗਈ ਹੈ? ਫਿਰ ਸਿੱਖ ਦੰਗਿਆਂ ਵਿੱਚ ਮੈਂ ਦੋਸ਼ੀ ਕਿਵੇਂ ਹੋ ਗਿਆ।