ਵਾਰਾਣਸੀ: 2014 ਵਿੱਚ ਪੰਜਾਬ ਦੇ ਅੰਮ੍ਰਿਤਸਰ ਦੇ ਅਜਨਾਲਾ ਵਿੱਚ ਖੂਹ ਵਿੱਚੋਂ ਨਿਕਲੇ 282 ਮਨੁੱਖੀ ਪਿੰਜਰਾਂ ਦਾ ਸੱਚ ਸਾਹਮਣੇ ਆ ਗਿਆ ਹੈ। ਬੀਐੱਚਯੂ ਅਤੇ ਬੀਰਬਲ ਸਾਹਨੀ ਇੰਸਟੀਚਿਊਟ ਲਖਨਊ ਸਮੇਤ ਕਈ ਸੰਸਥਾਵਾਂ ਦੀ ਡੀਐੱਨਏ ਖੋਜ ਤੋਂ ਪਤਾ ਲੱਗਾ ਹੈ ਕਿ ਇਹ ਸਾਰੇ ਬੰਗਾਲ ਇਨਫੈਂਟਰੀ ਦੇ ਭਾਰਤੀ ਫ਼ੌਜੀ ਸਨ ਜੋ 1857 ਵਿੱਚ ਸ਼ਹੀਦ ਹੋਏ ਸਨ। ਉਨ੍ਹਾਂ ਨੇ 1857 ਵਿੱਚ ਅੰਗਰੇਜ਼ਾਂ ਵਿਰੁੱਧ ਮੋਰਚਾ ਖੋਲ੍ਹਿਆ ਸੀ, ਇਸ ਲਈ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 160 ਸਾਲਾਂ ਬਾਅਦ ਇਸ ਰਹੱਸ ਦਾ ਪਰਦਾਫਾਸ਼ ਹੋਇਆ ਹੈ। ਇਹ ਅਧਿਐਨ 28 ਅਪ੍ਰੈਲ, 2022 ਨੂੰ ਜਰਨਲ ਫਰੰਟੀਅਰਜ਼ ਇਨ ਜੈਨੇਟਿਕਸ ਵਿੱਚ ਪ੍ਰਕਾਸ਼ਿਤ ਹੋਇਆ ਹੈ।
ਇਤਿਹਾਸਕਾਰਾਂ ਅਨੁਸਾਰ ਪੰਜਾਬ (ਹੁਣ ਪਾਕਿਸਤਾਨ) ਵਿੱਚ ਮੀਆਂ ਮੀਰ ਵਿਖੇ ਤਾਇਨਾਤ ਬੰਗਾਲ ਦੀ ਨੇਟਿਵ ਇਨਫੈਂਟਰੀ ਦੀ 26ਵੀਂ ਰੈਜੀਮੈਂਟ ਦੇ 500 ਸਿਪਾਹੀਆਂ ਨੇ ਬਗ਼ਾਵਤ ਕਰ ਦਿੱਤੀ ਸੀ। ਬ੍ਰਿਟਿਸ਼ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕੂਪਰ ਨੇ 218 ਫ਼ੌਜੀਆਂ ਨੂੰ ਗੋਲੀ ਮਾਰ ਕੇ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ। ਬਾਕੀ 282 ਫ਼ੌਜੀਆਂ ਨੂੰ ਗ੍ਰਿਫਤਾਰ ਕਰਕੇ ਅਜਨਾਲਾ ਲਿਜਾਇਆ ਗਿਆ। 237 ਸਿਪਾਹੀਆਂ ਨੂੰ ਗੋਲੀ ਮਾਰ ਕੇ ਅਤੇ 45 ਨੂੰ ਜ਼ਿੰਦਾ ਖੂਹ ਵਿੱਚ ਚਿੱਕੜ ਅਤੇ ਚੂਨਾ ਪਾ ਕੇ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਉੱਪਰ ਗੁਰਦੁਆਰਾ ਬਣਾਇਆ ਗਿਆ। ਜਦੋਂ ਇਹ ਖੂਹ 2014 ਵਿੱਚ ਮਿਲਿਆ ਤਾਂ ਉਥੋਂ ਬਰਾਮਦ ਹੋਏ ਪਿੰਜਰਾਂ ਦੀ ਜਾਂਚ ਸ਼ੁਰੂ ਕੀਤੀ ਗਈ।
ਇਸ ਵਿਸ਼ੇ ਦੀ ਅਸਲੀਅਤ ਜਾਣਨ ਲਈ ਪੰਜਾਬ ਯੂਨੀਵਰਸਿਟੀ ਦੇ ਐਥੋਪੋਲਾਜਿਸਟ ਡਾ. ਜੇਐੱਸ ਸਹਿਰਾਵਤ ਨੇ ਇਨ੍ਹਾਂ ਪਿੰਜਰਾਂ ਦਾ ਡੀਐੱਨਏ ਅਧਿਐਨ ਸ਼ੁਰੂ ਕੀਤਾ। ਬੀਰਬਲ ਸਾਹਨੀ ਇੰਸਟੀਚਿਊਟ ਲਖਨਊ ਅਤੇ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਵਿਗਿਆਨੀਆਂ ਨਾਲ ਮਿਲ ਕੇ ਕੰਮ ਕੀਤਾ ਗਿਆ। ਡੀਐੱਨਏ ਖੋਜ ਤੋਂ ਪਤਾ ਲੱਗਾ ਹੈ ਕਿ ਇਹ ਉਸੇ ਰੈਜੀਮੈਂਟ ਦੇ ਫ਼ੌਜੀਆਂ ਦੇ ਪਿੰਜਰ ਸਨ।
ਇਹ ਅਧਿਐਨ 28 ਅਪ੍ਰੈਲ, 2022 ਨੂੰ ਜਰਨਲ ਫਰੰਟੀਅਰਜ਼ ਇਨ ਜੈਨੇਟਿਕਸ ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਸੀਸੀਐੱਮਬੀ ਦੇ ਮੁੱਖ ਵਿਗਿਆਨੀ ਅਤੇ ਸੈਂਟਰ ਫਾਰ ਡੀਐਨਏ ਫਿੰਗਰਪ੍ਰਿੰਟਿੰਗ ਏਡ ਡਾਇਗਨੌਸਟਿਕਸ, ਹੈਦਰਾਬਾਦ ਦੇ ਡਾਇਰੈਕਟਰ ਡਾ. ਕੇ. ਭਾਗਰਾਜ ਨੇ ਕਿਹਾ ਕਿ ਬੀਐਚਯੂ ਦੇ ਜ਼ੂਆਲੋਜੀ ਦੇ ਪ੍ਰੋਫੈਸਰ ਗਿਆਨੇਸ਼ਵਰ ਚੌਬੇ ਨੇ ਇਸ ਖੋਜ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਡੀਐਨਏ ਅਤੇ ਆਈਸੋਟੋਪ ਵਿਸ਼ਲੇਸ਼ਣ ਰਾਹੀਂ ਅਸੀਂ ਇਹ ਪਤਾ ਲਗਾਉਣ ਵਿੱਚ ਕਾਮਯਾਬ ਹੋਏ ਹਾਂ ਕਿ ਇਹ ਪਿੰਜਰ ਪੰਜਾਬ ਜਾਂ ਪਾਕਿਸਤਾਨ ਦੇ ਲੋਕਾਂ ਦੇ ਨਹੀਂ ਹਨ, ਸਗੋਂ ਯੂਪੀ, ਬਿਹਾਰ ਅਤੇ ਪੱਛਮੀ ਬੰਗਾਲ ਦੇ ਲੋਕਾਂ ਦੇ ਹਨ।
ਦੱਸਣਯੋਗ ਹੈ ਕਿ ਇਸ ਖੋਜ ਤੋਂ ਪਹਿਲਾਂ ਲੇਖਕ ਡਾ. ਜਗਮੇਦਰ ਸਿੰਘ ਸਹਿਰਾਵਤ ਨੇ ਕਿਹਾ ਕਿ ਇਸ ਖੋਜ ਤੋਂ ਪ੍ਰਾਪਤ ਨਤੀਜੇ ਇਤਿਹਾਸਕ ਸਬੂਤਾਂ ਨਾਲ ਮੇਲ ਖਾਂਦੇ ਹਨ, ਜਿਸ ਵਿਚ ਦੱਸਿਆ ਗਿਆ ਹੈ ਕਿ 26ਵੀਂ ਮੂਲ ਬੰਗਾਲ ਇਨਫੈਂਟਰੀ ਬਟਾਲੀਅਨ ਦੇ ਜਵਾਨ ਪਾਕਿਸਤਾਨ ਦੇ ਮੀਆਂ-ਮੀਰ ਵਿਚ ਤਾਇਨਾਤ ਸਨ ਅਤੇ ਬਾਅਦ ਵਿਚ ਬਗਾਵਤ ਕਰਕੇ ਉਹਨਾਂ ਨੂੰ ਅਜਨਾਲਾ ਭੇਜ ਦਿੱਤਾ ਗਿਆ।
ਇਹ ਗੱਲ ਇਸ ਖੋਜ ਦੇ ਪਹਿਲੇ ਲੇਖਕ ਡਾ. ਜਗਮੇਦਰ ਸਿੰਘ ਸਹਿਰਾਵਤ ਨੇ ਵੀ ਕਹੀ ਸੀ। ਬਨਾਰਸ ਹਿੰਦੂ ਵਿਸ਼ਵਵਿਦਿਆਲਿਆ ਦੇ ਇੰਸਟੀਚਿਊਟ ਆਫ਼ ਸਾਇੰਸ ਦੇ ਨਿਰਦੇਸ਼ਕ ਪ੍ਰੋ. ਏਕੇ ਤ੍ਰਿਪਾਠੀ ਨੇ ਕਿਹਾ ਕਿ ਇਹ ਅਧਿਐਨ ਇਤਿਹਾਸਕ ਮਿੱਥਾਂ ਦੀ ਜਾਂਚ ਵਿੱਚ ਪੁਰਾਤਨ ਡੀਐਨਏ ਆਧਾਰਿਤ ਤਕਨੀਕਾਂ ਦੀ ਉਪਯੋਗਤਾ ਨੂੰ ਦਰਸਾਉਂਦਾ ਹੈ।