ਸ੍ਰੀਨਗਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਜੰਮੂ -ਕਸ਼ਮੀਰ ਯਾਤਰਾ ਦਾ ਅੱਜ ਤੀਜਾ ਅਤੇ ਆਖ਼ਰੀ ਦਿਨ ਹੈ। ਸੋਮਵਾਰ ਸਵੇਰੇ ਅਮਿਤ ਸ਼ਾਹ ਗਾਂਦਰਬਲ ਵਿਖੇ ਸਥਿਤ ਖੀਰਭਵਾਨੀ ਮੰਦਰ ਪਹੁੰਚੇ ਤੇ ਪੂਜਾ ਕੀਤੀ।ਉਨ੍ਹਾਂ ਦੇ ਨਾਲ ਉਪ ਰਾਜਪਾਲ ਮਨੋਜ ਸਿੰਨਹਾ ਨੇ ਵੀ ਖੀਰਭਵਾਨੀ ਮੰਦਰ ਵਿਖੇ ਮੱਥਾ ਟੇਕਿਆ।
ਕੇਂਦਰੀ ਗ੍ਰਹਿ ਮੰਤਰੀ ਅਗਸਤ 2019 ਵਿੱਚ ਧਾਰਾ 370 ਹਟਾਏ ਜਾਣ ਮਗਰੋਂ ਪਹਿਲੀ ਵਾਰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਤਿੰਨ ਦਿਨੀਂ ਦੌਰੇ 'ਤੇ ਹਨ।
ਅਮਿਤ ਸ਼ਾਹ ਆਪਣੀ ਯਾਤਰਾ ਦੇ ਆਖ਼ਰੀ ਦਿਨ ਸ੍ਰੀਨਗਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਦੱਸ ਦਈਏ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਐਤਵਾਰ ਨੂੰ ਯਾਤਰਾ ਦੇ ਦੂਜੇ ਦਿਨ ਜੰਮੂ ਵਿੱਚ ਸਨ। ਇਥੇ ਉਨ੍ਹਾਂ ਨੇ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਆਈਆਈਟੀ-ਜੰਮੂ (IIT-Jammu) ਦੇ ਨਵੇਂ ਪਰਿਸਰ ਦਾ ਉਦਘਾਟਨ ਵੀ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ ਜੰਮੂ ਦੇ ਭਗਵਤੀ ਨਗਰ ਮੈਦਾਨ ਵਿੱਚ ਜਨਤਕ ਰੈਲੀ ਨੂੰ ਸੰਬੋਧਨ ਕੀਤਾ।
ਐਤਵਾਰ ਸ਼ਾਮ ਨੂੰ ਸ਼ਾਹ ਨੇ ਆਰਐਸਪੁਰਾ ਸੈਕਟਰ ਵਿੱਚ ਭਾਰਤ-ਪਾਕਿਸਤਾਨ ਸਰਹੱਦ (Indo-Pak border) ਦਾ ਵੀ ਦੌਰਾ ਕੀਤਾ। ਇਸ ਤੋਂ ਇਲਾਵਾ, ਸ਼ਾਹ ਜੰਮੂ ਵਿੱਚ ਭਾਰਤੀ ਸਰਹੱਦ ਦੇ ਆਖ਼ਰੀ ਪਿੰਡ ਮਕਵਾਲ ਗਏ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ।
ਉਪ ਰਾਜਪਾਲ ਮਨੋਜ ਸਿਨਹਾ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਉਹ ਸ੍ਰੀਨਗਰ ਵਿੱਚ ਜੰਮੂ -ਕਸ਼ਮੀਰ ਪੁਲਿਸ ਦੇ ਸ਼ਹੀਦ ਇੰਸਪੈਕਟਰ ਪਰਵੇਜ਼ ਅਹਿਮਦ ਡਾਰ ਦੇ ਘਰ ਪਹੁੰਚੇ ਅਤੇ ਉਨ੍ਹਾਂ ਦੀ ਪਤਨੀ ਫਾਤਿਮਾ ਅਖ਼ਤਰ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ISI ਨੂੰ ਜਾਣਕਾਰੀ ਦਿੰਦਾ ਭਾਰਤੀ ਫੌਜ ਦਾ ਜਵਾਨ ਗ੍ਰਿਫਤਾਰ, 4 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ