ਨਵੀਂ ਦਿੱਲੀ: ਟਾਟਾ ਗਰੁੱਪ ਦੁਆਰਾ ਸੰਚਾਲਿਤ ਏਅਰ ਇੰਡੀਆ ਦਾ A320neo ਜਹਾਜ਼ ਉਡਾਣ ਭਰਨ ਤੋਂ ਸਿਰਫ਼ 27 ਮਿੰਟ ਬਾਅਦ ਮੁੰਬਈ ਹਵਾਈ ਅੱਡੇ 'ਤੇ ਵਾਪਸ ਪਰਤਿਆ ਕਿਉਂਕਿ ਇਸ ਦਾ ਇੱਕ ਇੰਜਣ ਤਕਨੀਕੀ ਖ਼ਰਾਬੀ ਕਾਰਨ ਅੱਧ-ਹਵਾ ਵਿਚ ਬੰਦ ਹੋ ਗਿਆ ਸੀ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਵੀਰਵਾਰ ਨੂੰ ਯਾਤਰੀਆਂ ਨੂੰ ਇਕ ਹੋਰ ਜਹਾਜ਼ ਰਾਹੀਂ ਉਨ੍ਹਾਂ ਦੀ ਮੰਜ਼ਿਲ ਬੈਂਗਲੁਰੂ ਭੇਜਿਆ ਗਿਆ। ਸੂਤਰਾਂ ਮੁਤਾਬਕ ਹਵਾਬਾਜ਼ੀ ਰੈਗੂਲੇਟਰ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ। ਏਅਰ ਇੰਡੀਆ ਦੇ A320 ਨਿਓ ਜਹਾਜ਼ CFA ਦੇ ਲੀਪ ਇੰਜਣਾਂ ਨਾਲ ਫਿੱਟ ਹਨ।
A320neo ਜਹਾਜ਼ ਦੇ ਪਾਇਲਟ ਨੂੰ ਸਵੇਰੇ 9:43 'ਤੇ ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਉਡਾਣ ਭਰਨ ਤੋਂ ਕੁਝ ਮਿੰਟਾਂ ਬਾਅਦ ਹੀ ਇੰਜਣ 'ਚ ਖਰਾਬੀ ਦੀ ਚਿਤਾਵਨੀ ਮਿਲੀ ਅਤੇ ਮੁੰਬਈ ਹਵਾਈ ਅੱਡੇ 'ਤੇ ਵਾਪਸ ਲੈਂਡ ਕੀਤਾ ਗਿਆ। ਇਸ ਘਟਨਾ ਬਾਰੇ ਪੁੱਛੇ ਜਾਣ 'ਤੇ ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਏਅਰ ਇੰਡੀਆ ਸੁਰੱਖਿਆ ਨੂੰ ਸਭ ਤੋਂ ਵੱਧ ਤਰਜੀਹ ਦਿੰਦੀ ਹੈ। ਸਾਡਾ ਅਮਲਾ ਇਨ੍ਹਾਂ ਸਥਿਤੀਆਂ ਨਾਲ ਨਜਿੱਠਣ ਵਿੱਚ ਚੰਗੀ ਤਰ੍ਹਾਂ ਨਿਪੁੰਨ ਹੈ। ਸਾਡੀਆਂ ਇੰਜੀਨੀਅਰਿੰਗ ਅਤੇ ਰੱਖ-ਰਖਾਅ ਟੀਮਾਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਇਕ ਹੋਰ ਜਹਾਜ਼ ਰਾਹੀਂ ਬੈਂਗਲੁਰੂ ਭੇਜਿਆ ਗਿਆ।
PTI
ਇਹ ਵੀ ਪੜ੍ਹੋ : ਬੈਂਗਲੁਰੂ ਹਵਾਈ ਅੱਡੇ 'ਤੇ ਬੰਬ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ