ਨਵੀਂ ਦਿੱਲੀ: ਏਅਰ ਇੰਡੀਆ ਦੀ ਟਾਟਾ ਗਰੁੱਪ ਵਿੱਚ ਵਾਪਸੀ ਦੀ ਖ਼ਬਰ ਨੇ ਅਮਿਤਾਭ ਬੱਚਨ ਨੂੰ ਨਾਸਟਾਲਿਕ ਕਰ ਦਿੱਤਾ ਹੈ। ਉਨ੍ਹਾਂ ਨੂੰ ਆਪਣੇ ਕਾਲਜ ਦੇ ਦਿਨ ਯਾਦ ਆ ਗਏ, ਜਦੋਂ ਉਹ ਦਿੱਲੀ ਯੂਨੀਵਰਸਿਟੀ ਜਾਂਦੇ ਸਮੇਂ ਕਨਾਟ ਪਲੇਸ ਵਿੱਚ ਏਅਰ ਇੰਡੀਆ ਦਾ ਇਸ਼ਤਿਹਾਰ ਵੇਖਦੇ ਸੀ।
ਆਪਣੇ ਟਵੀਟ 'ਚ ਇਸ ਦਾ ਹਵਾਲਾ ਦਿੰਦੇ ਹੋਏ ਅਮਿਤਾਭ ਬੱਚਨ ਨੇ ਲਿਖਿਆ ਕਿ ਏਅਰ ਇੰਡੀਆ ਵਾਪਸ ਟਾਟਾ ਨਾਲ ਅਤੇ ਮੈਨੂੰ 50 ਦੇ ਦਹਾਕੇ ਦੀ ਨਵੀਂ ਦਿੱਲੀ ਦੇ ਕਨਾਟ ਪਲੇਸ ਬਿਲਡਿੰਗ 'ਤੇ ਬੈਨਰ ਵਿਗਿਆਪਨ ਯਾਦ ਹੈ। ਜਦੋਂ ਮੈਂ ਯੂਨੀਵਰਸਿਟੀ ਜਾਂਦਾ ਸੀ ਤਾਂ ਉਥੋਂ ਲੰਘਦਾ ਸੀ। ਇਸ਼ਤਿਹਾਰ ਵਿੱਚ ਲਿਖਿਆ ਹੁੰਦਾ ਸੀ ਕਿ 'ਦੇਅਰ ਇਜ ਏਅਰ ਅਬਾਉਟ ਇੰਡੀਆ'। ਉਨ੍ਹਾਂ ਨੇ ਟਵੀਟ ਵਿੱਚ ਇਸ ਇਸ਼ਤਿਹਾਰ ਨੂੰ ਬਣਾਉਣ ਵਾਲੇ ਬੌਬੀ ਕੂਕਾ ਨੂੰ ਵੀ ਯਾਦ ਕੀਤਾ ਅਤੇ ਲਿਖਿਆ- ਬੌਬੀ ਕੂਕਾ ਇੱਟ ਹਿਜ ਬੈਸਟ
ਦੱਸ ਦੇਈਏ ਕਿ ਅਮਿਤਾਭ ਬੱਚਨ ਦਿੱਲੀ ਦੇ ਕਿਰੋੜੀ ਮੱਲ ਕਾਲਜ ਦੇ ਵਿਦਿਆਰਥੀ ਰਹਿ ਚੁੱਕੇ ਹਨ। ਬੌਬੀ ਕੂਕਾ ਏਅਰ ਇੰਡੀਆ ਦੇ ਕਮਰਸ਼ੀਅਲ ਡਾਇਰੈਕਟਰ ਸਨ। ਉਸ ਨੇ ਏਅਰਲਾਈਨ ਦੇ ਮਸ਼ਹੂਰ ਅਤੇ ਆਸਾਨੀ ਨਾਲ ਪਛਾਣੇ ਜਾਣ ਵਾਲੇ ਮਸਕਟ 'ਮਹਾਰਾਜਾ' ਨੂੰ ਚੁਣਿਆ। 'ਮਹਾਰਾਜਾ' ਦਾ ਸਕੈਚ ਇਕ ਵਾਰ ਐਚਟੀਏ ਕਲਾਕਾਰ ਉਮੇਸ਼ ਰਾਓ ਨੇ ਲੈਟਰਹੈੱਡ ਦੇ ਕੋਨੇ 'ਤੇ ਖਿੱਚਿਆ ਸੀ। ਇਸ ਸਕੈਚ ਵਿੱਚ ਜੇਆਰਡੀ ਟਾਟਾ ਦੇ ਚੰਗੇ ਦੋਸਤ ਕੂਕਾ ਵਿੱਚ ਅਪਾਰ ਸੰਭਾਵਨਾਵਾਂ ਨਜ਼ਰ ਆਈਆਂ।
ਜ਼ਿਕਰਯੋਗ ਹੈ ਕਿ 1932 ਵਿੱਚ ਜੇਆਰਡੀ ਟਾਟਾ ਨੇ ਏਅਰ ਇੰਡੀਆ ਦੀ ਸ਼ੁਰੂਆਤ ਕੀਤੀ ਸੀ। ਪਰ ਉਦੋਂ ਇਸ ਦਾ ਨਾਂ ਟਾਟਾ ਏਅਰਲਾਈਨ ਸੀ। ਦੂਜੇ ਵਿਸ਼ਵ ਯੁੱਧ ਤੋਂ ਬਾਅਦ 29 ਜੁਲਾਈ 1946 ਨੂੰ, ਟਾਟਾ ਏਅਰਲਾਈਨ ਦਾ ਨਾਮ ਬਦਲ ਕੇ ਏਅਰ ਇੰਡੀਆ ਲਿਮਟਿਡ ਰੱਖਿਆ ਗਿਆ। ਸਾਲ 1947 ਵਿੱਚ ਭਾਰਤ ਸਰਕਾਰ ਨੇ ਏਅਰ ਇੰਡੀਆ ਵਿੱਚ 49 ਫੀਸਦੀ ਹਿੱਸੇਦਾਰੀ ਲਈ। ਇੱਥੋਂ ਹੀ ਏਅਰ ਇੰਡੀਆ ਵਿੱਚ ਸਰਕਾਰੀ ਦਖਲ ਸ਼ੁਰੂ ਹੋ ਗਿਆ। 1948 ਵਿੱਚ ਏਅਰ ਇੰਡੀਆ ਨੇ ਮੁੰਬਈ ਅਤੇ ਲੰਡਨ ਵਿਚਕਾਰ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕੀਤੀਆਂ। ਏਅਰ ਕਾਰਪੋਰੇਸ਼ਨ ਐਕਟ ਦੇ ਤਹਿਤ 1953 ਵਿੱਚ ਇਸਦਾ ਰਾਸ਼ਟਰੀਕਰਨ ਕੀਤਾ ਗਿਆ ਸੀ, ਪਰ ਜੇਆਰਡੀ ਟਾਟਾ 1977 ਤੱਕ ਇਸਦੇ ਚੇਅਰਮੈਨ ਰਹੇ। ਘਾਟੇ ਵਿੱਚ ਜਾਣ ਤੋਂ ਬਾਅਦ, ਭਾਰਤ ਸਰਕਾਰ ਨੇ ਇਸ ਦੇ ਵਿਨਿਵੇਸ਼ ਦੀ ਪ੍ਰਕਿਰਿਆ ਸ਼ੁਰੂ ਕੀਤੀ। ਟਾਟਾ ਸੰਨਜ਼ ਨੇ ਇਸ ਦੇ ਲਈ 18 ਹਜ਼ਾਰ ਕਰੋੜ ਦੀ ਬੋਲੀ ਲਗਾਈ ਸੀ। ਇਸ ਤੋਂ ਬਾਅਦ ਏਅਰ ਇੰਡੀਆ ਦੀ ਕਮਾਨ ਟਾਟਾ ਸੰਨਜ਼ ਦੀ ਇਕਾਈ ਟੈਲੇਸ ਪ੍ਰਾਈਵੇਟ ਲਿਮਟਿਡ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ: ਚੀਨ ਦੀ ਚਾਲ 'ਤੇ ਸ਼ਿਕੰਜਾ, ਭਾਰਤ ਵਿੱਚ 54 ਐਪਸ ਬੈਨ !