ਕੋਲਕਾਤਾ : ਕੇਰਲ ਦੇ ਪਠਾਨਮਥਿੱਟਾ ਜ਼ਿਲੇ ਵਿੱਚ ਇਕ ਦਰਦਨਾਕ ਘਟਨਾ ਵਾਪਰੀ ਸੀ, ਜਿੱਥੇ ਆਪਣੇ ਘਰ ਦੀ ਖੁਸ਼ਹਾਲੀ ਲਈ ਕਥਿਤ ਤੌਰ 'ਤੇ ਦੋ ਔਰਤਾਂ ਦੀ ਬਲੀ ਦਿੱਤੀ ਗਈ ਸੀ। ਇਸਦੀ ਯਾਦ ਦਿਵਾਉਂਦੇ ਹੋਏ ਕੋਲਕਾਤਾ ਵਿੱਚ ਕਾਲੇ ਜਾਦੂ ਅਤੇ ਇਕ ਤਾਂਤਰਿਕ ਦੇ ਪਿੱਛੇ ਲੱਗ ਕੇ ਇੱਕ ਵਿਅਕਤੀ ਨੇ ਆਪਣੇ ਹੀ ਗੁਆਂਢ ਦੀ ਇੱਕ ਨਾਬਾਲਗ ਕੁੜੀ ਵੱਢ ਦਿੱਤੀ। ਇਹ ਕਰਤੂਤ ਕਰਨ ਵਾਲੇ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਮੁਤਾਬਿਕ ਕੋਲਕਾਤਾ ਦੇ ਤਿਲਜਾਲਾ 'ਚ ਐਤਵਾਰ ਨੂੰ ਇਹ ਭਿਆਨਕ ਘਟਨਾ ਵਾਪਰੀ ਹੈ, ਜਿੱਥੇ ਅਲੋਕ ਕੁਮਾਰ ਨਾਂ ਦੇ ਵਿਅਕਤੀ ਨੇ ਪੁਲਿਸ ਸਾਹਮਣੇ ਕਬੂਲ ਕੀਤਾ ਕਿ ਉਸਨੇ ਆਪਣੇ ਗੁਆਂਢੀ ਦੀ 7 ਸਾਲਾ ਧੀ ਦਾ ਤਾਂਤਰਿਕ ਦੇ ਕਹਿਣ ਉੱਤੇ ਕਤਲ ਕਰ ਦਿੱਤਾ। ਬਿਹਾਰ ਦੇ ਰਹਿਣ ਵਾਲੇ ਦੋਸ਼ੀ ਤਾਂਤਰਿਕ ਵੱਲੋਂ ਨਾਬਾਲਗ ਲੜਕੀ ਦੀ ਬਲੀ ਦੇਣ ਦੀ ਸਲਾਹ ਦਿੱਤੀ ਸੀ ਕਿ ਇਸ ਨਾਲ ਉਸਦੇ ਘਰ ਬੱਚਾ ਹੋਵੇਗਾ।
ਘਰਵਾਲੀ ਦੇ ਗਰਪਾਤ ਤੋਂ ਬਾਅਦ ਲਈ ਸੀ ਸਲਾਹ : ਜਾਣਕਾਰੀ ਮੁਤਾਬਿਕ ਜਾਂਚ ਤੋਂ ਪਤਾ ਲੱਗਾ ਹੈ ਕਿ ਅਲੋਕ ਦੀ ਪਤਨੀ ਦੇ ਤਿੰਨ ਗਰਭਪਾਤ ਹੋ ਚੁੱਕੇ ਸਨ, ਜਿਸ ਕਾਰਨ ਉਸ ਨੇ ਤਾਂਤਰਿਕ ਦੀ ਸਲਾਹ ਲਈ ਸੀ। ਕਥਿਤ ਦੋਸ਼ੀ ਨੇ ਤਾਂਤਰਿਕ ਦੇ ਕਹਿਣ 'ਤੇ ਬੱਚੇ ਦਾ ਕਤਲ ਕਰਨ ਦੀ ਗੱਲ ਵੀ ਮੰਨ ਲਈ ਹੈ। ਮ੍ਰਿਤਕ ਲੜਕੀ ਐਤਵਾਰ ਸਵੇਰੇ ਕੂੜਾ ਸੁੱਟਣ ਲਈ ਬਾਹਰ ਨਿਕਲਣ ਤੋਂ ਬਾਅਦ ਲਾਪਤਾ ਹੋਣ ਦੀ ਸੂਚਨਾ ਮਿਲੀ ਸੀ। ਜਦੋਂ 12 ਘੰਟੇ ਬਾਅਦ ਵੀ ਲੜਕੀ ਨਹੀਂ ਆਈ ਤਾਂ ਉਸ ਦੇ ਪਰਿਵਾਰ ਵਾਲਿਆਂ ਨੇ ਤਿਲਜਾਲਾ ਥਾਣੇ ਪਹੁੰਚ ਕੇ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਨੇ ਲੜਕੀ ਨੂੰ ਗੁਆਂਢੀ ਦੇ ਘਰ ਜਾਂਦੇ ਦੇਖਿਆ ਹੈ। ਹਾਲਾਂਕਿ ਪੁਲਿਸ ਨੇ ਕਥਿਤ ਤੌਰ 'ਤੇ ਉਸ ਸਮੇਂ ਕੋਈ ਜਾਂਚ ਸ਼ੁਰੂ ਨਹੀਂ ਕੀਤੀ ਸੀ। ਬਾਅਦ 'ਚ ਪੁਲਸ ਨੂੰ ਗੁਆਂਢੀ ਦੇ ਫਲੈਟ 'ਚੋਂ ਇਕ ਬੈਗ ਮਿਲਿਆ, ਜਿਸ ਨੂੰ ਖੋਲ੍ਹਣ 'ਤੇ ਮ੍ਰਿਤਕ ਲੜਕੀ ਦੀ ਲਾਸ਼ ਸਾਹਮਣੇ ਆਈ। ਪਰਿਵਾਰ ਨੇ ਦੋਸ਼ ਲਾਇਆ ਕਿ ਮੁਲਜ਼ਮਾਂ ਨੇ ਉਸ ਦੀ ਹੱਤਿਆ ਕਰਨ ਤੋਂ ਪਹਿਲਾਂ ਉਸ ਦਾ ਗਲਾ ਵੱਢ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ।
ਤਿਲਜਲਾ ਪੁਲਸ ਨੇ ਅਲੋਕ ਕੁਮਾਰ ਨੂੰ ਗ੍ਰਿਫਤਾਰ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਇਸ ਘਟਨਾ ਤੋਂ ਬਾਅਦ ਦੱਖਣੀ ਕੋਲਕਾਤਾ ਦੇ ਤਿਲਜਾਲਾ ਦੇ ਕਈ ਇਲਾਕਿਆਂ 'ਚ ਦਿਨ ਭਰ ਪ੍ਰਦਰਸ਼ਨ ਹੋਏ। ਸਥਾਨਕ ਲੋਕਾਂ ਨੇ ਸੜਕ ਜਾਮ ਕਰ ਦਿੱਤਾ ਅਤੇ ਦੁਪਹਿਰ ਨੂੰ ਰੇਲਵੇ ਦੇ ਸੀਲਦਾਹ ਦੱਖਣ ਸੈਕਸ਼ਨ ਵਿੱਚ ਵਿਘਨ ਪਾਇਆ। ਉਨ੍ਹਾਂ ਵਾਹਨਾਂ ਦੀ ਭੰਨਤੋੜ ਕੀਤੀ ਅਤੇ ਟਾਇਰ ਸਾੜੇ। ਧਰਨਾਕਾਰੀਆਂ ਨੇ ਮ੍ਰਿਤਕ ਲੜਕੀ ਨੂੰ ਇਨਸਾਫ਼ ਦਿਵਾਉਣ ਦੀ ਮੰਗ ਨੂੰ ਲੈ ਕੇ ਤਿਲਜਾਲਾ ਥਾਣੇ ਅੱਗੇ ਧਰਨਾ ਵੀ ਦਿੱਤਾ।
ਬਾਅਦ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਅਮਨ-ਕਾਨੂੰਨ ਨੂੰ ਭੰਗ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ। ਸਥਾਨਕ ਲੋਕਾਂ ਨੇ ਸ਼ਿਕਾਇਤ ਕੀਤੀ ਕਿ ਜਦੋਂ ਉਹ ਤਿਲਜਲਾ ਥਾਣੇ ਵਿੱਚ ਅਗਵਾ ਦਾ ਕੇਸ ਦਰਜ ਕਰਵਾਉਣ ਲਈ ਗਏ ਤਾਂ ਪੁਲੀਸ ਨੇ ਪਹਿਲਾਂ ਤਾਂ ਉਨ੍ਹਾਂ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਨੂੰ ਵਾਰ-ਵਾਰ ਸੂਚਿਤ ਕਰਨ ਦੇ ਬਾਵਜੂਦ ਕੋਈ ਪੜਤਾਲ ਨਹੀਂ ਕੀਤੀ ਗਈ। ਪੁਲਿਸ ਨੇ ਸਬੰਧਤ ਫਲੈਟ ਦਾ ਦੌਰਾ ਵੀ ਨਹੀਂ ਕੀਤਾ ਜਿਸਦਾ ਨਿਵਾਸੀਆਂ ਨੇ ਜ਼ਿਕਰ ਕੀਤਾ ਸੀ।