ਕੁਰੂਕਸ਼ੇਤਰ: ਆਮ ਆਦਮੀ ਪਾਰਟੀ ਹਰਿਆਣਾ ਦੇ ਇੰਚਾਰਜ ਅਤੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ (AAP MP sushil gupta) ਮੰਗਲਵਾਰ ਨੂੰ ਕੁਰੂਕਸ਼ੇਤਰ ਪੁੱਜੇ। ਇੱਥੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਜ਼ੋਨਲ ਦਫ਼ਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਉਨ੍ਹਾਂ ਨੇ SYL ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ 2024 ਵਿੱਚ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ 2025 ਵਿੱਚ ਐਸ.ਵਾਈ.ਐਲ ਦਾ ਪਾਣੀ ਹਰਿਆਣਾ ਦੇ ਹਰ ਪਿੰਡ ਵਿੱਚ ਪਹੁੰਚੇਗਾ ਅਤੇ ਇਹ ਸਾਡਾ ਵਾਅਦਾ ਨਹੀਂ, ਗਾਰੰਟੀ ਹੈ।
ਉਨ੍ਹਾਂ ਕਿਹਾ ਕਿ ਅੱਜ ਤੱਕ ਹਰਿਆਣਾ ਦੇ ਕਿਸੇ ਵੀ ਪਿੰਡ ਨੂੰ ਕੇਂਦਰ ਜਾਂ ਰਾਜ ਸਰਕਾਰ ਵੱਲੋਂ ਐਸਵਾਈਐਲ ਦਾ ਪਾਣੀ ਸਪਲਾਈ ਨਹੀਂ ਕੀਤਾ ਗਿਆ। ਹੁਣ ਆਮ ਆਦਮੀ ਪਾਰਟੀ ਨੇ ਫੈਸਲਾ ਕੀਤਾ ਹੈ ਕਿ ਹਰਿਆਣਾ ਰਾਜ ਦੇ ਹਰ ਖੇਤ ਨੂੰ ਪਾਣੀ ਪਹੁੰਚਾਉਣਾ ਹੈ। ਦੂਜੇ ਪਾਸੇ ਦਿੱਲੀ ਅੰਦਰ ਹਨੂੰਮਾਨ ਜੈਅੰਤੀ 'ਤੇ ਹੋਏ ਪਥਰਾਅ ਨੂੰ ਲੈ ਕੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੰਗੇ ਕਰਵਾਉਂਦੀ ਹੈ ਅਤੇ ਫਿਰ ਦਾਅਵੇ ਕਰਦੀ ਹੈ। ਹੁਣ ਤੱਕ ਭਾਜਪਾ ਦਿੱਲੀ ਵਿੱਚ ਦੋ ਵਾਰ ਦੰਗੇ ਕਰਵਾ ਚੁੱਕੀ ਹੈ।
ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਪੁਲਿਸ ਨੂੰ ਆਮ ਆਦਮੀ ਪਾਰਟੀ ਦੇ ਹਵਾਲੇ ਕਰ ਦਿੱਤਾ ਜਾਂਦਾ ਹੈ ਤਾਂ ਵੇਖੋ ਦਿੱਲੀ ਦੇ ਅੰਦਰ ਮਾਹੌਲ ਕਿੰਨਾ ਸ਼ਾਂਤ ਹੋਵੇਗਾ। ਉਨ੍ਹਾਂ ਕਿਹਾ ਕਿ ਬਿਨਾਂ ਇਜਾਜ਼ਤ ਤੋਂ ਜਲੂਸ ਕਿਵੇਂ ਨਿਕਲਿਆ, ਤਲਵਾਰਾਂ ਲਹਿਰਾਉਂਦੇ ਲੋਕ ਕਿਵੇਂ ਨਿਕਲੇ, ਪੱਥਰਬਾਜ਼ੀ ਕਿਵੇਂ ਹੋਈ। ਇਹ ਜਾਂਚ ਦਾ ਵਿਸ਼ਾ ਹੈ ਕਿ ਦੰਗਿਆਂ ਨੂੰ ਅੰਜਾਮ ਦੇਣ ਵਾਲਾ ਵਿਅਕਤੀ ਆਮ ਆਦਮੀ ਪਾਰਟੀ ਨਾਲ ਸਬੰਧਤ ਹੈ ਜਾਂ ਕਿਸੇ ਹੋਰ ਪਾਰਟੀ ਨਾਲ। ਦੰਗੇ ਕਰਨ ਵਾਲਾ ਮਨੁੱਖਤਾ ਵਿਰੋਧੀ ਹੈ। ਇਸ ਸਭ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਦੋਸ਼ੀ ਹੈ, ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਅਗਲੇ ਦੋ ਸਾਲਾਂ 'ਚ ਗੰਨੇ ਦੇ ਝਾੜ 'ਚ 100 ਕੁਇੰਟਲ ਪ੍ਰਤੀ ਏਕੜ ਤੱਕ ਵਾਧਾ ਕਰਨ ਦਾ ਟੀਚਾ: ਚੀਮਾ