ਛਤੀਸਗੜ੍ਹ: ਧਮਤਰੀ ਜ਼ਿਲ੍ਹਾ ਹੈੱਡਕੁਆਰਟਰ ਤੋਂ ਲਗਭਗ 65 ਕਿਲੋਮੀਟਰ ਦੂਰ ਸਟਿਯਾਰਾ ਪਿੰਡ ਦਾ ਇੱਕ ਮੰਦਿਰ ਹੈ, ਜਿਥੇ ਅਖਬਾਰ ਦੀ ਪੂਜਾ ਕੀਤੀ ਜਾਂਦੀ ਹੈ। ਇਸ ਅਖਬਾਰ 'ਚ 15 ਅਗਸਤ 1947 ਨੂੰ ਦੇਸ਼ ਦੀ ਆਜ਼ਾਦੀ ਦੀ ਖ਼ਬਰ ਛਪੀ ਸੀ। ਤਕਰੀਬਨ ਡੇਢ ਮਹੀਨਿਆਂ ਬਾਅਦ ਇਹ ਅਖਬਾਰ ਸਟਿਯਾਰਾ ਪਿੰਡ ਪਹੁੰਚਿਆ ਸੀ। ਇਸ ਅਖਬਾਰ ਤੋਂ ਹੀ ਲੋਕਾਂ ਨੂੰ ਪਤਾ ਲੱਗਿਆ ਕਿ ਉਹ ਅੰਗ੍ਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਹੋ ਗਏ ਹਨ।ਇਸ ਲਈ ਮੁਕਤੀ ਦੀ ਖ਼ਬਰ ਲੈ ਕੇ ਆਇਆ ਇਹ ਅਖ਼ਬਾਰ ਸਤਿਕਾਰਯੋਗ ਬਣ ਗਿਆ।
ਨਵਭਾਰਤ ਦੇ ਸਬ-ਐਡੀਟਰ ਜੁਨੈਦ ਰਿਜ਼ਵੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੰਨ੍ਹ ਦੇ ਕੰਢੇ ਸਥਿਤ ਹੋਣ ਕਾਰਨ, ਆਵਾਜਾਈ ਦਾ ਸਾਧਨ ਬਿਲਕੁਲ ਨਹੀਂ ਸੀ, ਆਜ਼ਾਦੀ ਤੋਂ ਬਾਅਦ, ਸਥਿਤੀ ਇਹ ਸੀ ਕਿ ਖਬਰ ਉਥੇ ਨਹੀਂ ਪਹੁੰਚ ਸਕਦੀ ਸੀ। ਇਸ ਕਾਰਨ, ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਸਟਿਯਾਰਾ ਪਿੰਡ ਦੇ ਲੋਕਾਂ ਨੂੰ ਤਕਰੀਬਨ ਡੇਢ ਤੋਂ ਦੋ ਮਹੀਨਿਆਂ ਤੱਕ ਖ਼ਬਰ ਨਹੀਂ ਮਿਲੀ ਸੀ ਕਿ ਸਾਡਾ ਦੇਸ਼ ਅਜ਼ਾਦ ਹੋ ਗਿਆ ਹੈ। ਇਹ ਖ਼ਬਰ ਉਸ ਸਮੇਂ ਪਹੁੰਚੀ ਜਦ ਹਾਕਰ ਰਾਹੀਂ ਬੰਨ੍ਹ ਨੂੰ ਕਿਸ਼ਤੀ ਰਾਹੀਂ ਪਾਰ ਕਰ ਕਿਸੇ ਤਰੀਕੇ ਪਿੰਡ ਵਿੱਚ ਅਖਬਾਰ ਪਹੁੰਚਾਇਆ ਗਿਆ। ਜਿਸ ਨਾਲ ਨਵਭਾਰਤ ਰਾਹੀਂ ਲੋਕਾਂ ਨੂੰ ਜਾਣਕਾਰੀ ਹੋਈ।
ਆਜ਼ਾਦੀ ਦੇ ਨਾਇਕ ਮਹਾਤਮਾ ਗਾਂਧੀ ਸੀ। ਉਨ੍ਹਾਂ ਦੀ ਤਸਵੀਰ ਅਖਬਾਰ ਵਿੱਚ ਛਪੀ ਸੀ, ਇਸ ਲਈ ਲੋਕਾਂ ਨੇ ਇਥੇ ਗਾਂਧੀ ਜੀ ਦਾ ਮੰਦਿਰ ਵੀ ਬਣਾਇਆ। ਹਰ ਸਾਲ ਇੱਥੇ 15 ਅਗਸਤ 26 ਜਨਵਰੀ ਨੂੰ ਇੱਕ ਮੇਲਾ ਲੱਗਦਾ ਹੈ। ਇਥੇ ਗਾਂਧੀ ਜਯੰਤੀ ਮਨਾਈ ਜਾਂਦੀ ਹੈ। ਸਟਿਯਾਰਾ ਦੇ ਬਜ਼ੁਰਗ ਨਵੀਂ ਪੀੜ੍ਹੀ ਨੂੰ ਵਿਰਾਸਤ ਵਿੱਚ ਦੇਸ਼ਭਗਤੀ ਦਾ ਪਾਠ ਜ਼ਰੂਰ ਪੜਾਉਂਦੇ ਹਨ।
ਗਾਂਧੀ ਸੇਵਾ ਸੰਮਤੀ ਦੇ ਮੈਂਬਰ ਕਾਮਤਾ ਪ੍ਰਸਾਦ ਸਾਹੂ ਦੱਸਦੇ ਹਨ ਕਿ ਇਥੇ ਗਾਂਧੀ ਮੰਦਿਰ ਬਣਾਉਣ ਦਾ ਮਕਸਦ ਇਹ ਸੀ ਕਿ ਜਿੰਨੇ ਵੀ ਦੁੱਖਿਆਰੇ ਹਨ ਉਹ ਰਾਮ ਅਤੇ ਕ੍ਰਿਸ਼ਨ ਵਰਗੇ ਹੋਰ ਦੇਵਤਿਆਂ ਦੀ ਸੇਵਾ ਕਰਦੇ ਹਨ, ਓਦਾਂ ਹੀ ਇਥੇ ਆ ਕੇ ਸੇਵਾ ਪ੍ਰਣਾਮ ਕਰਨ। ਆਪਣਾ ਦੁੱਖ ਪ੍ਰਗਟ ਕਰਨ ਦੇ ਯੋਗ ਬਣ ਸਕਣ ਅਤੇ ਗਲਤ ਰੀਤੀ ਰਿਵਾਜ਼ਾਂ ਤੋਂ ਬਚਣ ਅਤੇ ਹਰ ਕਿਸੇ ਨੂੰ ਬਚਾਓਣ।
ਸਾਲ 1947 ਵਿੱਚ ਜਦ ਮੰਦਿਰ ਬਣਿਆ ਓਦੋਂ ਪਿੰਡ ਵਸਿਆ ਹੋਇਆ ਸੀ। ਪਰ ਗੰਗਰੇਲ ਡੈਮ ਬਣਨ ਤੋਂ ਬਾਅਦ ਪਿੰਡ ਡੁੱਬ ਗਿਆ ਅਤੇ ਪਿੰਡ ਦੇ ਲੋਕ ਉਜੜ ਗਏ। ਇੱਥੋਂ ਜਾਣ ਤੋਂ ਬਾਅਦ ਵੀ ਲੋਕਾਂ ਦਾ ਵਿਸ਼ਵਾਸ ਘੱਟ ਨਹੀਂ ਹੋਇਆ। ਇਸ ਤੋਂ ਬਾਅਦ 1990 ਵਿੱਚ ਨਦੀ ਕੰਢੇ ਇਹ ਮੰਦਿਰ ਮੁੜ ਉਸਾਰਿਆ ਗਿਆ। ਇਥੇ ਹਰ ਰੋਜ਼ ਅਖਬਾਰ ਦੇ ਨਾਲ-ਨਾਲ, ਸੱਚ ਅਤੇ ਅਹਿੰਸਾ ਦੇ ਪੁਜਾਰੀ ਮਹਾਤਮਾ ਗਾਂਧੀ ਦੀ ਪੂਜਾ ਹੁੰਦੀ ਹੈ।
ਇਸ ਅਨੌਖੇ ਮੰਦਿਰ ਵਿੱਚ, 15 ਅਗਸਤ 26 ਜਨਵਰੀ ਨੂੰ ਪੂਜਾ ਪਾਠ ਦੇ ਨਾਲ ਵੱਡਾ ਜਲਸਾ ਹੁੰਦਾ ਹੈ। ਪੂਜਾ ਵਿਧੀਪੂਰਵਕ ਕੀਤੀ ਜਾਂਦੀ ਹੈ। ਲੋਕ ਅਖਬਾਰ ਨੂੰ ਧੂਪ ਧੁਖਾਉਂਦੇ ਹਨ ਅਤੇ ਫਿਰ ਤਿਲਕ ਲਗਾਕੇ ਆਰਤੀ ਕਰਦੇ ਹਨ। ਇਸ ਤੋਂ ਬਾਅਦ ਪ੍ਰਸ਼ਾਦ ਵੰਡਿਆ ਜਾਂਦਾ ਹੈ। ਪੂਜਾ ਤੋਂ ਬਾਅਦ ਸਮਾਜਕ ਭੋਜ ਵੀ ਹੁੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਦੇਸ਼ ਨੂੰ ਅਜ਼ਾਦ ਕਰਵਾਉਣ ਵਿੱਚ ਮਹਾਤਮਾ ਗਾਂਧੀ ਅਤੇ ਅਖਬਾਰਾਂ ਦੀ ਮਹੱਤਵਪੂਰਣ ਭੂਮਿਕਾ ਰਹੀ।
ਸਥਾਨਕ ਵਾਸੀ ਲੋਕੇਸ਼ ਸਾਹੂ ਦਾ ਕਹਿਣਾ ਹੈ ਕਿ ਪਹਿਲਾਂ ਇੱਥੇ ਪੂਰਾ ਜੰਗਲ ਅਤੇ ਨਦੀ ਸੀ, ਇਸ ਲਈ ਇੱਥੇ ਰੇਡੀਓ ਮਾਈਕ ਦੀ ਕੋਈ ਸਹੂਲਤ ਨਹੀਂ ਸੀ। ਲਗਭਗ ਦੋ ਮਹੀਨਿਆਂ ਬਾਅਦ, ਅਖ਼ਬਾਰ ਰਾਹੀਂ ਇਹ ਪਤਾ ਲੱਗਿਆ ਕਿ ਦੇਸ਼ ਸੁਤੰਤਰ ਹੋ ਗਿਆ ਹੈ। ਇਸ ਲਈ ਅਸੀਂ ਅਖਬਾਰ ਦੀ ਪੂਜਾ ਕਰਦੇ ਹਾਂ।
ਅਜ਼ਾਦੀ ਦੀ ਲੜਾਈ ਦੇ ਯੋਧਿਆਂ ਨੇ ਅਖਬਾਰਾਂ ਰਾਹੀਂ ਆਪਣਾ ਸੁਨੇਹਾ ਲੋਕਾਂ ਤੱਕ ਪਹੁੰਚਾਇਆ। ਗਾਂਧੀ ਜੀ ਨੇ ਹਰਿਜਨ ਅਤੇ ਯੰਗ ਇੰਡੀਆ ਦੇ ਨਾਮ ਹੇਠ ਅਖਬਾਰ ਛਾਪੇ। ਅਖਬਾਰਾਂ ਅਤੇ ਰਸਾਲਿਆਂ ਦੀ ਆਜ਼ਾਦੀ ਸੰਗਰਾਮ ਵਿੱਚ ਮਹੱਤਵਪੂਰਣ ਭੂਮਿਕਾ ਸੀ। ਸਟਿਯਾਰਾ ਵਿੱਚ ਲੋਕਾਂ ਨੇ ਆਜ਼ਾਦੀ ਦੀ ਖ਼ਬਰ ਦੇਣ ਵਾਲੀ ਅਖਬਾਰ ਦੀ ਹੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ।