ਨਵੀਂ ਦਿੱਲੀ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀ ਕਾਨੂੰਨਾਂ ਦਾ ਪੰਜਾਬ ਵਿੱਚ ਲਗਾਤਾਰ ਵਿਰੋਧ ਜਾਰੀ ਹੈ। ਕਿਸਾਨਾਂ ਵੱਲੋਂ ਲਗਾਤਾਰ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਿਸਾਨਾਂ ਦੇ ਮੁੱਦੇ ਤੇ ਸੂਬੇ ਦੇ ਆਰਥਿਕ ਤੇ ਹੋਰਨਾਂ ਹਲਾਤਾਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਸੰਸਦ ਮੈਂਬਰਾਂ ਦਾ ਇੱਕ ਵਫ਼ਦ ਰੇਲ ਤੇ ਵਿੱਤ ਮੰਤਰੀ ਨਾਲ ਮੁਲਾਕਾਤ ਕਰਨ ਲਈ ਦਿੱਲੀ ਪਹੁੰਚਇਆ ਹੈ।
ਪੰਜਾਬ ਕਾਂਗਰਸ ਦੇ ਇਸ ਵਫ਼ਦ 'ਚ ਸਾਂਸਦ ਰਵਨੀਤ ਸਿੰਘ ਬਿੱਟੂ, ਸਤੋਂਖ ਸਿੰਘ ਚੌਧਰੀ, ਮੁਹੰਮਦ ਸਦੀਕ ਗੁਰਜੀਤ ਔਜਲਾ ਤੇ ਜਸਬੀਰ ਸਿੰਘ ਡਿੰਪਾ ਸ਼ਾਮਲ ਹਨ। ਹਲਾਂਕਿ ਅਜੇ ਤੱਕ ਇਸ ਵਫ਼ਦ ਨੂੰ ਰੇਲ ਮੰਤਰੀ ਪੀਯੂਸ਼ ਗੋਇਲ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਮੁਲਾਕਾਤ ਲਈ ਸਮੇਂ ਨਹੀਂ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਫ਼ਦ ਨੂੰ ਦੋਹਾਂ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਕਰਨ ਲਈ ਖ਼ਾਸਤੌਰ 'ਤੇ ਭੇਜਿਆ ਹੈ। ਇਹ ਵਫ਼ਦ ਦੋਹਾਂ ਕੇਂਦਰੀ ਮੰਤਰੀਆਂ ਨਾਲ ਬੈਠਕ ਕਰਕੇ ਸੂਬੇ 'ਚ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੇ ਸੰਘਰਸ਼ ਅਤੇ ਸੂਬੇ ਦੇ ਮੌਜੂਦਾ ਹਲਾਤਾਂ ਬਾਰੇ ਅਗਲੀ ਰਣਨੀਤੀ ਤਿਆਰ ਕਰਨਗੇ।