ਚੰਡੀਗੜ੍ਹ : 1984 ਸਿੱਖ ਕਤਲੇਆਮ ਕੇਸ ਦੀ ਫਾਇਲ ਮੁੜ ਖੋਲ੍ਹੀ ਗਈ ਹੈ। ਯੂਪੀ ਦੀ ਐਸਐਈਟੀ (SIT) ਟੀਮ ਵੱਲੋਂ ਇਸ ਮਾਮਲੇ ਦੀ ਮੁੜ ਜਾਂਚ ਸ਼ੁਰੂ ਕੀਤੀ ਗਈ ਹੈ ਤੇ ਸਬੂਤ ਜੁਟਾਏ ਜਾ ਰਹੇ ਹਨ। ਪੁਲਿਸ ਵੱਲੋਂ ਮਾਮਲੇ 'ਚ ਲੋੜੀਂਦਾ ਮੁਲਜ਼ਮਾਂ ਖਿਲਾਫ ਕਾਰਵਾਈ ਜਾਰੀ ਹੈ।
11 ਸਿੱਖਾਂ ਦੇ ਕਤਲ ਕੇਸਾਂ ਦੀਆਂ ਫ਼ਾਈਲਾਂ ਨੂੰ ਕਾਨਪੁਰ ਪੁਲਿਸ ਨੇ ਪਹਿਲਾਂ ਬੰਦ ਕਰ ਦਿੱਤਾ ਸੀ। ਇਨ੍ਹਾਂ ਫਾਇਲਾਂ ਨੂੰ ਹੁਣ ਮੁੜ ਖੋਲ੍ਹ ਕੇ ਸਾਰੇ ਸਬੂਤ ਇਕੱਠੇ ਕੀਤੇ ਗਏ ਹਨ। ਜਾਂਚ ਦੌਰਾਨ ਪਤਾ ਲੱਗਾ ਹੈ ਕਿ 11 ਸਿੱਖਾਂ ਦੇ ਕਤਲਾਂ ਪਿੱਛੇ 62 ਲੋਕਾਂ ਦਾ ਹੱਥ ਸੀ। ਉਨ੍ਹਾਂ ਸਭ ਦੀ ਸ਼ਨਾਖ਼ਤ ਕਰ ਲਈ ਗਈ ਹੈ, ਪਰ ਉਨ੍ਹਾਂ ਵਿੱਚੋਂ ਲਗਭਗ ਇੱਕ ਦਰਜਨ ਦੀ ਮੌਤ ਹੋ ਚੁੱਕੀ ਹੈ।
ਯੂਪੀ ਪੁਲਿਸ ਦੀ ਐਸਆਈਟੀ ਟੀਮ ਦੇ ਮੈਂਬਰ ਬਲੇਂਦੂ ਭੂਸ਼ਣ ਨੇ ਦੱਸਿਆ ਕਿ, ਸਬੂਤ ਇਕੱਠੇ ਕਰਨ ਦਾ ਕੰਮ ਪਿਛਲੇ ਮਹੀਨੇ ਹੀ ਮੁਕੰਮਲ ਕਰ ਲਿਆ ਗਿਆ ਸੀ। ਜਿਨ੍ਹਾਂ ਮੁਲਜ਼ਮਾਂ ਦੀ ਹੁਣ ਸ਼ਨਾਖ਼ਤ ਕੀਤੀ ਗਈ ਹੈ, ਉਨ੍ਹਾਂ ’ਚੋਂ ਕਈ ਲੋਕਾਂ ਦੀ ਉਮਰ ਹੁਣ 70 ਸਾਲ ਤੋਂ ਵੱਧ ਹੈ। ਇਨ੍ਹਾਂ ਚੋਂ ਕਈ ਮੁਲਜ਼ਮ ਅਜਿਹੇ ਵੀ ਹਨ , ਜੋ ਕਿ ਇੱਕ ਤੋਂ ਵੱਧ ਮਾਮਲਿਆਂ 'ਚ ਲੋੜੀਂਦੇ ਹਨ।
ਯੂਪੀ ਦੇ ਸਾਬਕਾ ਡੀਜੀਪੀ ਤੇ SIT ਦੇ ਮੁਖੀ ਅਤੁਲ ਨੇ ਦੱਸਿਆ ਕਿ 11 ਸਿੱਖਾਂ ਦੇ ਕਤਲ ਕੇਸਾਂ ਦੇ ਮੁੜ ਇਕੱਠੇ ਕੀਤੇ ਗਏ ਸਬੂਤਾਂ ਦੀ ਹੁਣ ਡੂੰਘੀ ਜਾਂਚ-ਪੜਤਾਲ ਕੀਤੀ ਜਾ ਰਹੀ ਹੈ। ਅਗਲੀ ਕਾਰਵਾਈ ਤੋਂ ਪਹਿਲਾਂ ਇੱਕਠੇ ਕੀਤੇ ਗਏ ਸਾਰੇ ਸਬੂਤਾਂ ਦੇ ਪੁਖ਼ਤਾ ਹੋਣ 'ਤੇ ਗੌਰ ਕੀਤਾ ਜਾਵੇਗਾ। ਇਸ 'ਤੇ ਕਾਨੂੰਨੀ ਪੱਖਾਂ ਮੁਤਾਬਕ ਵਿਚਾਰ ਵਟਾਂਦਰਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਐਸਆਈਟੀ ਟੀਮ ਨੂੰ ਸਿੱਖਾਂ ਦੇ ਕਤਲ ਕੇਸਾਂ ਦੇ 10 ਮੁੱਖ ਗਵਾਹਾਂ ਨੂੰ ਲੱਭਣ ਲਈ ਵੀ ਕਾਫ਼ੀ ਕੋਸ਼ਿਸ਼ਾਂ ਕਰਨੀਆਂ ਪਈਆਂ । ਇਸ ਲਈ ਉਨ੍ਹਾਂ ਨੂੰ ਗਵਾਹਾਂ ਦੇ ਬਿਆਨ ਦਰਜ ਕਰਵਾਉਣ ਲਈ ਪੰਜਾਬ, ਹਰਿਆਣਾ ਤੇ ਮੱਧ ਪ੍ਰਦੇਸ਼ ਤੱਕ ਵੀ ਜਾਣਾ ਪਿਆ।ਇਨ੍ਹਾਂ ਕਤਲ ਕੇਸਾਂ ਦੀ ਜਾਂਚ ਲਈ ਰੰਗਨਾਥ ਮਿਸ਼ਰਾ ਕਮਿਸ਼ਨ ਕੋਲ ਜਮ੍ਹਾ ਕਰਵਾਏ ਗਏ 135 ਹਲਫ਼ੀਆ ਬਿਆਨਾਂ ਦਾ ਚੰਗੀ ਤਰ੍ਹਾਂ ਅਧਿਐਨ ਕੀਤਾ ਗਿਆ ਹੈ। ਮਿਸ਼ਰਾ ਕਮਿਸ਼ਨ ਉਦੋਂ ਕੇਂਦਰ ਦੀ ਕਾਂਗਰਸ ਸਰਕਾਰ ਨੇ ਕਾਇਮ ਕੀਤਾ ਸੀ; ਜਿਸ ਨੇ ਦਿੱਲੀ, ਬੋਕਾਰੋ ਤੇ ਕਾਨਪੁਰ ਦੇ ਸਿੱਖ-ਵਿਰੋਧੀ ਦੰਗਿਆਂ ਦੀ ਜਾਂਚ ਕਰਨੀ ਸੀ।
ਇਹ ਵੀ ਪੜ੍ਹੋ : ਦੇਸ਼ ਦਾ ਕਿਸਾਨ ਪਰਿਵਾਰ ਸਮੇਤ ਦਿੱਲੀ ਬਾਰਡਰਾਂ 'ਤੇ ਕਰ ਰਿਹਾ ਸੰਘਰਸ਼:ਭਗਵੰਤ ਮਾਨ